ਤੁਰਕੀ ਦਾ ਪੂਰੇ ਦੇਸ਼ ’ਚ ਬਾਈਕਾਟ, AJIO-Myntra ਨੇ ਤੁਰਕੀ ਬ੍ਰਾਂਡਜ਼ ਵੇਚਣਾ ਕੀਤਾ ਬੰਦ

Sunday, May 18, 2025 - 04:41 AM (IST)

ਤੁਰਕੀ ਦਾ ਪੂਰੇ ਦੇਸ਼ ’ਚ ਬਾਈਕਾਟ, AJIO-Myntra ਨੇ ਤੁਰਕੀ ਬ੍ਰਾਂਡਜ਼ ਵੇਚਣਾ ਕੀਤਾ ਬੰਦ

ਨਵੀਂ ਦਿੱਲੀ - ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲ ਹੀ ’ਚ ਹੋਏ ਫੌਜੀ ਸੰਘਰਸ਼ ਦੌਰਾਨ ਤੁਰਕੀ ਨੇ ਪਾਕਿਸਤਾਨ ਦਾ ਸਮਰਥਨ ਕੀਤਾ। ਇਸ ਤੋਂ ਬਾਅਦ ਭਾਰਤ ’ਚ ਤੁਰਕੀ ਦੇ ਬਾਈਕਾਟ ਦੀ ਮੰਗ ਵਧ ਰਹੀ ਹੈ। ਇਸ ਦਰਮਿਆਨ ਮਿੰਤਰਾ ਅਤੇ ਰਿਲਾਇੰਸ ਦੀ ਏਜੀਓ ਨੇ ਆਪਣੇ ਪੋਰਟਲ ’ਤੇ ਤੁਰਕੀ ਦੇ ਕਲੋਥਿੰਗ ਬ੍ਰਾਂਡ ਵੇਚਣਾ ਬੰਦ ਕਰ ਦਿੱਤਾ ਹੈ। ਮਿੰਤਰਾ ਨੇ ਇੰਟਰਨੈੱਟ ਮਹਾਰਥੀ ਅਲੀਬਾਬਾ ਦੀ ਮਾਲਕੀ ਵਾਲੀ ਟ੍ਰੈਂਡਯੋਲ ਸਮੇਤ ਸਾਰੇ ਤੁਰਕੀ ਬ੍ਰਾਂਡਜ਼ ਦੀ ਵਿਕਰੀ ਅਸਥਾਈ ਤੌਰ ’ਤੇ ਰੋਕ ਦਿੱਤੀ ਹੈ, ਜਿਸ ਦੇ ਲਈ ਭਾਰਤ ’ਚ ਮਾਰਕੀਟਿੰਗ ਦਾ ਵਿਸ਼ੇਸ਼ ਅਧਿਕਾਰ ਉਸ ਦੇ ਕੋਲ ਹੈ।

ਰਿਲਾਇੰਸ ਨੇ ਵੀ ਆਪਣੇ ਆਨਲਾਈਨ ਪਲੇਟਫਾਰਮ ਏਜੀਓ ’ਤੇ ਵੇਚੇ ਜਾਣ ਵਾਲੇ ਕਾਟਨ, ਐੱਲ. ਸੀ. ਵਾਇਕਿਕੀ ਅਤੇ ਮਾਵੀ ਵਰਗੇ ਤੁਰਕੀ ਪਹਿਰਾਵਾ ਬ੍ਰਾਂਡ ਪੋਰਟਫੋਲੀਓ ਨੂੰ ਮੁਅੱਤਲ ਕਰ ਦਿੱਤਾ ਹੈ, ਜਿਸ ਦੇ ਸਾਰੇ ਉਤਪਾਦ ਸਟਾਕ ਤੋਂ ਬਾਹਰ ਵਿਖਾਈ ਦੇ ਰਹੇ ਹਨ। ਹਾਲਾਂਕਿ, ਇਕ ਨਿਊਜ਼ ਚੈਨਲ ਦੀ ਰਿਪੋਰਟ ਅਨੁਸਾਰ ਬ੍ਰਾਂਡ ਦੀ ਉਪਲੱਬਧਤਾ ’ਤੇ ਕੋਈ ਸਪਸ਼ਟਤਾ ਨਹੀਂ ਹੈ।

ਇਹ ਵੀ ਪੜ੍ਹੋ - ਯੂਟਿਊਬਰ ਜੋਤੀ ਇਸ ਤਰ੍ਹਾਂ ਬਣੀ ਪਾਕਿਸਤਾਨੀ ਜਾਸੂਸ, ਪਿਤਾ ਨੇ ਦੱਸੀ ਪੂਰੀ ਕਹਾਣੀ

ਰਿਪੋਰਟ ਦੇ ਅਨੁਸਾਰ ਰਿਲਾਇੰਸ ਰਿਟੇਲ ਨੇ ਕਿਹਾ ਕਿ ਉਹ ਰਾਸ਼ਟਰੀ ਹਿੱਤ ਨੂੰ ਸਭ ਤੋਂ ਉੱਪਰ ਰੱਖਣ ਦੀ ਆਪਣੀ ਵਚਨਬੱਧਤਾ ’ਤੇ ਪੱਕੀ ਹੈ। ਰਿਲਾਇੰਸ ਦੇ ਬੁਲਾਰੇ ਨੇ ਕਿਹਾ, ‘‘ਆਪਣੇ ਸਾਥੀ ਨਾਗਰਿਕਾਂ ਦੇ ਨਾਲ ਇਕਜੁੱਟਤਾ ’ਚ ਅਸੀਂ ਸਾਰੇ ਮੰਚਾਂ ’ਤੇ ਆਪਣੀ ਆਫਰਿੰਗ ਦਾ ਸਰਗਰਮ ਰੂਪ ’ਚ ਮੁੜਮੁਲਾਂਕਣ ਕਰ ਰਹੇ ਹਾਂ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ  ਕਿ ਉਹ ਦੇਸ਼  ਦੀਆਂ ਕਦਰਾਂ-ਕੀਮਤਾਂ ਅਤੇ ਭਾਵਨਾਵਾਂ ਨੂੰ ਪ੍ਰਤੀਬਿੰਬਿਤ ਕਰਦੇ ਹਨ।’’

ਤੁਰਕੀ ’ਚ ਦਫ਼ਤਰ ਵੀ ਕੀਤਾ ਬੰਦ
ਰਿਲਾਇੰਸ ਰਿਟੇਲ ਦੇ ਬੁਲਾਰੇ ਨੇ ਕਿਹਾ, ‘‘ਅਸੀਂ ਤੁਰਕੀ ’ਚ ਆਪਣਾ ਦਫ਼ਤਰ ਵੀ ਬੰਦ ਕਰ ਦਿੱਤਾ ਹੈ।’’ ਦੱਸ ਦੇਈਏ ਕਿ ਤੁਰਕੀ ਬ੍ਰਾਂਡਜ਼ ਨੂੰ ਹਟਾਉਣ ਦੀ ਪ੍ਰਕਿਰਿਆ ਕੁਝ ਦਿਨ ਪਹਿਲਾਂ ਸ਼ੁਰੂ ਹੋਈ ਸੀ ਅਤੇ ਸ਼ੁੱਕਰਵਾਰ ਨੂੰ ਬ੍ਰਾਂਡਜ਼ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ। 

ਟੂਰਿਜ਼ਮ ਅਤੇ ਹੋਰ ਕਾਰੋਬਾਰ ਵੀ ਬੰਦ, ਕੈਟ ਨੇ ਵੀ ਬਾਈਕਾਟ ਦੀ ਚੁੱਕੀ ਮੰਗ
ਦੇਸ਼ ਦੇ 125 ਤੋਂ ਜ਼ਿਆਦਾ ਵਪਾਰਕ ਸੰਗਠਨਾਂ ਦੀ  ਅਗਵਾਈ ਕਰਨ ਵਾਲੇ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼  (ਕੈਟ) ਨੇ ਸ਼ੁੱਕਰਵਾਰ ਨੂੰ ਤੁਰਕੀ ਅਤੇ ਅਜ਼ਰਬੈਜਾਨ ਦੇ ਨਾਲ ਸਾਰੇ ਵਪਾਰਕ ਸਬੰਧਾਂ ਨੂੰ ਖਤਮ ਕਰਨ ਦਾ ਪ੍ਰਸਤਾਵ ਪਾਸ ਕੀਤਾ ਹੈ। ਇਸ ’ਚ ਦਰਾਮਦ-ਬਰਾਮਦ ਤੋਂ  ਲੈ ਕੇ ਟੂਰਿਜ਼ਮ ਤੱਕ ਹਰ ਖੇਤਰ ’ਚ ਬਾਈਕਾਟ ਦੀ ਮੰਗ ਕੀਤੀ ਹੈ। ਕੈਟ ਨੇ ਕਿਹਾ ਕਿ  ਭਾਰਤ ਨੇ ਇਨ੍ਹਾਂ ਦੋਹਾਂ ਦੇਸ਼ਾਂ ਦੀ ਹਮੇਸ਼ਾ ਮਦਦ ਕੀਤੀ ਪਰ ਬਦਲੇ ’ਚ ਉਨ੍ਹਾਂ ਨੂੰ  ਧੋਖਾ ਮਿਲਿਆ। 

ਇਹ ਵੀ ਪੜ੍ਹੋ - ਇਸ ਜ਼ਿਲ੍ਹੇ 'ਚ 3000 ਸਿੱਖਾਂ ਨੇ ਅਪਣਾਇਆ ਈਸਾਈ ਧਰਮ, ਪ੍ਰਸ਼ਾਸਨ ਨੇ ਦਿੱਤੇ ਜਾਂਚ ਦੇ ਹੁਕਮ

ਕੈਟ ਨੇ ਇਹ ਵੀ ਕਿਹਾ ਹੈ ਕਿ ਭਾਰਤੀ ਵਪਾਰੀ ਹੁਣ ਤੁਰਕੀ ਅਤੇ  ਅਜ਼ਰਬੈਜਾਨ ਦੀਆਂ ਕੰਪਨੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਵਪਾਰਕ ਸਬੰਧ ਨਹੀਂ ਰੱਖਣਗੇ। ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਦੇਸ਼ਾਂ ’ਚ ਭਾਰਤੀ ਫਿਲਮਾਂ ਦੀ  ਸ਼ੂਟਿੰਗ ਅਤੇ ਕਿਸੇ ਵੀ  ਬ੍ਰਾਂਡ ਪ੍ਰਮੋਸ਼ਨ ਨੂੰ ਲੈ ਕੇ ਵੀ ਵਿਰੋਧ ਪ੍ਰਗਟਾਇਆ ਗਿਆ ਹੈ। ਸੰਗਠਨ ਛੇਤੀ ਹੀ ਵਣਜ  ਮੰਤਰਾਲਾ  ਅਤੇ ਵਿਦੇਸ਼ ਮੰਤਰਾਲਾ  ਨੂੰ ਇਕ ਮੈਮੋਰੰਡੰਮ  ਸੌਂਪ ਕੇ ਇਨ੍ਹਾਂ  ਦੇਸ਼ਾਂ ਨਾਲ ਸਾਰੇ  ਵਪਾਰਕ ਰਿਸ਼ਤਿਆਂ ਦੀ ਸਮੀਖਿਆ ਦੀ ਮੰਗ ਕਰੇਗਾ। ਹਾਲਾਂਕਿ, ਸੂਤਰਾਂ ਦੀ ਮੰਨੀਏ ਤਾਂ ਐਮਾਜ਼ੋਨ ਇੰਡੀਆ ’ਤੇ ਅਜੇ ਵੀ ਤੁਰਕੀ  ਦੇ ਕੱਪੜੇ ਅਤੇ  ਲਾਈਫਸਟਾਈਲ ਬ੍ਰਾਂਡਜ਼ ਦੀ ਵਿਕਰੀ ਹੋ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Inder Prajapati

Content Editor

Related News