ਕਲਾਕਾਰ ਨੇ 440 ਜੋੜੀ ਸੈਂਡਲ ਲਾ ਕੇ ਦਿੱਤੀ ਅਨੋਖੇ ਢੰਗ ਨਾਲ ਸ਼ਰਧਾਂਜਲੀ

Thursday, Oct 10, 2019 - 05:14 PM (IST)

ਕਲਾਕਾਰ ਨੇ 440 ਜੋੜੀ ਸੈਂਡਲ ਲਾ ਕੇ ਦਿੱਤੀ ਅਨੋਖੇ ਢੰਗ ਨਾਲ ਸ਼ਰਧਾਂਜਲੀ

ਅੰਕਾਰਾ (ਬਿਊਰੋ)— ਤੁਰਕੀ ਦੇ ਸ਼ਹਿਰ ਇਸਤਾਂਬੁਲ ਵਿਚ ਇਕ ਕਲਾਕਾਰ ਨੇ ਘਰੇਲੂ ਅਤੇ ਯੌਨ ਹਿੰਸਾ ਕਾਰਨ ਜਾਨ ਗਵਾ ਦੇਣ ਵਾਲੀਆਂ ਔਰਤਾਂ ਨੂੰ ਵਿਲੱਖਣ ਤਰੀਕੇ ਨਾਲ ਸ਼ਰਧਾਂਜਲੀ ਦਿੱਤੀ ਹੈ। ਇਸਤਾਂਬੁਲ ਵਿਚ ਸਾਲ 2018 ਵਿਚ ਘਰੇਲੂ ਹਿੰਸਾ ਅਤੇ ਯੌਨ ਹਿੰਸਾ ਕਾਰਨ ਮਰਨ ਵਾਲੀਆਂ ਔਰਤਾਂ ਦੀ ਗਿਣਤੀ 440 ਸੀ। ਇਨ੍ਹਾਂ ਔਰਤਾਂ ਨੂੰ ਸ਼ਰਧਾਂਜਲੀ ਦੇਣ ਲਈ ਤੁਰਕੀ ਦੇ ਕਲਾਕਾਰ ਵਾਹਿਤ ਟੂਨਾ (Vahit Tuna) ਨੇ ਇਕ ਵਿਲੱਖਣ ਤਰੀਕਾ ਲੱਭਿਆ। ਉਸ ਨੇ ਸ਼ਹਿਰ ਦੀ ਇਕ ਬਿੱਜੀ ਸੜਕ 'ਤੇ ਸਥਿਤ ਇਕ ਇਮਾਰਤ ਦੀ ਮੁੱਖ ਕੰਧ ਨੂੰ 440 ਲੇਡੀਜ਼ ਸੈਂਡਲਾਂ ਨਾਲ ਸਜਾਇਆ ਹੈ।

PunjabKesari

ਤੁਰਕੀ ਵਿਚ ਇਕ ਪਰੰਪਰਾ ਮੁਤਾਬਕ ਮ੍ਰਿਤਕ ਵਿਅਕਤੀ ਦੀ ਯਾਦ ਵਿਚ ਘਰ ਦੇ ਦਰਵਾਜੇ ਜਾਂ ਮੁਹਾਨ 'ਤੇ ਉਸ ਦੀਆਂ ਜੁੱਤੀਆਂ ਨੂੰ ਲਗਾਇਆ ਜਾਂਦਾ ਹੈ। ਇਸੇ ਪਰੰਪਰਾ ਦੀ ਤਰਜ 'ਤੇ ਟੂਨਾ ਨੇ ਇਮਾਰਤ ਦੀ ਕੰਧ 'ਤੇ 440 ਸੈਂਡਲ ਲਗਾ ਕੇ ਮ੍ਰਿਤਕ ਔਰਤਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਟੂਨਾ ਨੇ ਔਰਤਾਂ 'ਤੇ ਹੋਣ ਵਾਲੀ ਹਿੰਸਾ 'ਤੇ ਕਿਹਾ,''ਇਹ ਇਕ ਖੁੱਲ੍ਹਾ ਜ਼ਖਮ ਹੈ ਜਿਸ ਵਿਚੋਂ ਖੂਨ ਵੱਗ ਰਿਹਾ ਹੈ ਅਤੇ ਲੋਕਾਂ ਦਾ ਜ਼ਿੰਦਗੀ ਵਿਚ ਪਹਿਲੀ ਵਾਰ ਇਸ ਨਾਲ ਸਾਹਮਣਾ ਹੋ ਰਿਹਾ ਹੈ।'' ਟੂਨਾ ਦਾ ਮੰਨਣਾ ਹੈ ਕਿ ਇਸ ਘਰ ਦੇ ਡਿਜ਼ਾਈਨ ਦਾ ਲੋਕਾਂ 'ਤੇ ਅਸਰ ਪਵੇਗਾ। ਟੂਨਾ ਨੇ ਅੱਗੇ ਕਿਹਾ,''ਮੇਰਾ ਮੰਨਣਾ ਹੈ ਕਿ ਇਹ ਯਾਦਗਾਰ ਸਮਾਰਕ ਲੋਕਾਂ ਵਿਚ ਜਾਗਰੂਕਤਾ ਲਿਆਏਗੀ ਅਤੇ ਉਨ੍ਹਾਂ ਨੂੰ ਸੋਚਣ ਲਈ ਮਜਬੂਰ ਕਰੇਗੀ।''

PunjabKesari

ਇਸ ਅਨੋਖੇ ਸਮਾਰਕ ਨੂੰ ਦੇਖ ਕੇ ਕਈ ਸਥਾਨਕ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਤੁਰਕੀ ਬੈਂਕ ਕਰਮੀ ਸੇਰਾਪ ਕਿਲਿਕ ਨੇ ਕਿਹਾ,''ਸੱਚ ਕਹਾਂ ਤਾਂ ਮੈਂ ਖੁਦ ਨੂੰ ਸੜਕ 'ਤੇ ਸੁਰੱਖਿਅਤ ਮਹਿਸੂਸ ਨਹੀਂ ਕਰਦੀ। ਇਹ ਦ੍ਰਿਸ਼ ਬਹੁਤ ਭਿਆਨਕ ਹੈ। ਕੰਧ 'ਤੇ 440 ਜੁੱਤੀਆਂ ਦੇ ਜੋੜੇ ਹਨ। ਇਹ ਇਸ ਗੱਲ ਦਾ ਪ੍ਰਤੀਕ ਹਨ ਕਿ 2018 ਵਿਚ 440 ਜਾਨਾਂ ਬਿਨਾਂ ਕਾਰਨ ਦੁਨੀਆ ਵਿਚੋਂ ਚਲੀਆਂ ਗਈਆਂ।'' ਇਕ ਹੋਰ ਬੈਂਕ ਕਰਮੀ ਹਿਲਾਲ ਕੋਸੋਗਲੂ ਨੇ ਕਿਹਾ,''ਜਦੋਂ ਤੱਕ ਅਸੀਂ ਸਾਰੇ ਸ਼ਾਂਤ ਰਹਾਂਗੇ, ਔਰਤਾਂ ਵਿਰੁੱਧ ਹਿੰਸਾ ਵੱਧਦੀ ਰਹੇਗੀ। ਇਹ ਹਿੰਸਾ ਸਿਰਫ ਉਨ੍ਹਾਂ ਦੀ ਹੱਤਿਆ ਕਰਨੀ ਹੀ ਨਹੀਂ ਸਗੋਂ ਉਨ੍ਹਾਂ ਨੂੰ ਦਬਾ ਕੇ ਚੁੱਪ ਕਰਾ ਕੇ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਦੀ ਹੱਤਿਆ ਕਰਨੀ ਹੈ।'' 

PunjabKesari

'ਵੁਈ ਵਿਲ ਸਟੌਪ ਫੈਮੀਸਾਈਡ' ਪਲੇਟਫਾਰਮ ਸੰਸਥਾ ਜੋ ਕਿ ਮੌਤ ਦਾ ਰਿਕਾਰਡ ਰੱਖਦੀ ਹੈ ਉਸ ਦੀ ਰਿਪੋਰਟ ਮੁਤਾਬਕ ਤੁਰਕੀ ਵਿਚ ਸਾਲ 2018 ਵਿਚ ਲੱਗਭਗ 440 ਔਰਤਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਸੰਸਥਾ ਦੀ ਇਕ ਹੋਰ ਰਿਪੋਰਟ ਮੁਤਾਬਕ 49 ਔਰਤਾਂ ਦੀ ਹੱਤਿਆ ਸਾਲ 2019 ਦੇ ਮਈ ਮਹੀਨੇ ਤੱਕ ਕਰ ਦਿੱਤੀ ਗਈ ਹੈ। ਸੰਸਥਾ ਮੁਤਾਬਕ,''ਇਹ ਸਾਡੀ ਬਦਕਿਸਮਤੀ ਹੈ ਕਿ ਔਰਤਾਂ ਨੂੰ ਇਸ ਤਰ੍ਹਾਂ ਦੀ ਹਿੰਸਾ ਨਾਲ ਜੂਝਣਾ ਪੈ ਰਿਹਾ ਹੈ ਅਤੇ ਕਾਨੂੰਨ ਇਸ ਦੀ ਰੋਕਥਾਮ ਵਿਚ ਅਸਮਰੱਥ ਦਿਖਾਈ ਦੇ ਰਿਹਾ ਹੈ।''


author

Vandana

Content Editor

Related News