ਬ੍ਰਿਸਬੇਨ ਸਿਟੀ ਵਿਖੇ ਦਸਤਾਰ ਜਾਗਰੂਕਤਾ ਕੈਂਪ ਲਗਾਇਆ ਗਿਆ

07/16/2018 5:08:31 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) — ਪੰਜਾਬੀਆਂ ਦੇ ਸ਼ਾਨਾਮਤੀ ਵਿਰਸੇ ਨੂੰ ਪ੍ਰਫੁਲਿੱਤ ਕਰਨ ਅਤੇ ਅਜੋਕੀ ਪੀੜ੍ਹੀ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਹਿੱਤ 'ਟਰਬਨ ਫ਼ਾਰ ਆਸਟ੍ਰੇਲੀਆ ਸੰਸਥਾ' ਦੇਸ਼ ਅਤੇ ਵਿਦੇਸ਼ 'ਚ ਸਿੱਖ ਧਰਮ ਦੀ ਚੜਦੀ ਕਲਾ ਵਾਸਤੇ ਨਿਰੰਤਰ ਕਾਰਜਸ਼ੀਲ ਹੈ। ਬ੍ਰਿਸਬੇਨ ਗੁਰਦੁਆਰਾ ਸਾਹਿਬ ਲੋਗਨ ਰੋਡ ਦੀ ਪ੍ਰਬੰਧਕ ਕਮੇਟੀ ਅਤੇ ਟਰਬਨ ਫ਼ਾਰ ਆਸਟ੍ਰੇਲੀਆ ਸੰਸਥਾ ਦੇ ਸਾਝੇ ਯਤਨਾ ਸਦਕਾ ਬ੍ਰਿਸਬੇਨ ਸ਼ਹਿਰ ਦੇ ਕੁਈਨਜ਼ ਸਟ੍ਰੀਟ ਸਿਟੀ ਸੈਂਟਰ ਵਿਖੇ ਦਸਤਾਰ ਅਤੇ ਦੁਮਾਲੇ ਸਜਾਉਣ ਦਾ ਸਿੱਖਲਾਈ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ 'ਚ ਅਮਰ ਸਿੰਘ ਸਿਡਨੀ, ਹਰਸ਼ਪ੍ਰੀਤ ਸਿੰਘ, ਪ੍ਰਧਾਨ ਜਸਜੋਤ ਸਿੰਘ, ਸਟੇਜ ਸਕੱਤਰ ਸੁਖਰਾਜਵਿੰਦਰ ਸਿੰਘ, ਪ੍ਰਣਾਮ ਸਿੰਘ ਹੇਅਰ, ਸੋਹਣ ਸਿੰਘ ਸਾਬਕਾ ਪ੍ਰਧਾਨ ਦੀ ਅਗਵਾਈ 'ਚ ਆਸਟ੍ਰੇਲੀਆਈ ਅਤੇ ਹੋਰ ਵੀ ਵੱਖ-ਵੱਖ ਭਾਈਚਾਰਿਆਂ ਦੀਆਂ ਔਰਤ ਅਤੇ ਮਰਦਾਂ ਦੇ ਸਿਰਾਂ 'ਤੇ ਦਸਤਾਰ ਸਜਾ ਕੇ ਸਿੱਖ ਧਰਮ ਦੇ ਫ਼ਲਸਫੇ ਅਤੇ ਦਸਤਾਰ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਭਾਈ ਜਸਪ੍ਰੀਤ ਸਿੰਘ ਅਤੇ ਭਾਈ ਜਸਵੀਰ ਸਿੰਘ ਜਮਾਲਪੁਰੀ ਦੇ ਕੀਰਤਨੀ ਜੱਥਿਆਂ ਵਲੋ ਗੁਰਬਾਣੀ ਦੇ ਰਸਭਿੰਨੇ ਕੀਰਤਨ, ਵੀਰ ਰਸੀ ਵਾਰਾਂ ਅਤੇ ਕਥਾਂ ਵਿਚਾਰਾ ਨਾਲ ਸੰਗਤਾ ਨੂੰ ਨਿਹਾਲ ਕੀਤਾ।

ਗੁਰੂ ਦੀਆ ਲਾਡਲੀਆਂ ਫੌਜਾਂ ਵਲੋਂ ਵਿਖਾਏ ਗਏ ਗੱਤਕੇ ਦੇ ਕਰਤੱਵ ਖਿੱਚ ਦਾ ਕੇਦਰ ਬਣੇ ਰਹੇ। ਸਥਾਨਕ ਅਤੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਬਹੁਤ ਹੀ ਉਤਸ਼ਾਹ ਨਾਲ ਇਹ ਸਾਰਾ ਅਲੌਕਿਕ ਨਜ਼ਾਰਾ ਵੇਖ ਰਹੇ ਸਨ। ਇਸ ਮੌਕੇ ਪ੍ਰਧਾਨ ਜਸਜੋਤ ਸਿੰਘ, ਪ੍ਰਣਾਮ ਸਿੰਘ ਹੇਅਰ, ਸੁਖਰਾਜਵਿੰਦਰ ਸਿੰਘ  ਆਦਿ ਨੇ ਆਪਣੇ-ਆਪਣੇ ਸੰਬੋਧਨ 'ਚ ਕਿਹਾ ਕਿ ਵਿਦੇਸ਼ਾਂ 'ਚ ਹੋਰ ਕੌਮਾਂ ਨੂੰ ਸਿੱਖ ਇਤਿਹਾਸ ਬਾਰੇ ਜਾਗਰੂਕ ਕਰਨਾ ਤੇ ਧਰਮ ਦੇ ਪਸਾਰ ਲਈ ਟਰਬਨ ਫ਼ਾਰ ਆਸਟ੍ਰੇਲੀਆ ਸੰਸਥਾ ਵਲੋਂ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ। ਅਮਰ ਸਿੰਘ ਸਿਡਨੀ ਨੇ ਕਿਹਾ ਕਿ ਆਸਟ੍ਰੇਲੀਆ ਬਹੁ-ਸੱਭਿਆਚਾਰਕ ਮੁਲਕ ਹੈ, ਜਿੱਥੇ ਹਰ ਸਮਾਜ ਦੀਆ ਕਦਰਾਂ ਕੀਮਤਾਂ ਦਾ ਸਨਮਾਨ ਕੀਤਾ ਜਾਦਾ ਹੈ। ਉਨ੍ਹਾਂ ਮਾਪਿਆਂ ਅਤੇ ਸੰਸਥਾਵਾਂ ਨੂੰ ਆਪਣੇ ਫਰਜ਼ਾਂ ਪ੍ਰਤੀ ਸੁਹਿਰਦ ਹੋ ਕੇ ਬੱਚਿਆ ਨੂੰ ਗੁਰਬਾਣੀ, ਗੌਰਵਮਈ ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਿਆਦਾ ਦੇ ਫ਼ਲਸਫੇ ਬਾਰੇ ਜਾਣਕਾਰੀ ਸੰਜੀਦਗੀ ਨਾਲ ਮੁਹੱਈਆ ਕਰਵਾਉਣ ਤਾਂ ਜੋ ਅਜੋਕੀ ਪੀੜ੍ਹੀ ਸਹਿਜੇ ਹੀ ਸਿੱਖ ਧਰਮ, ਦਸਤਾਰ ਦੇ ਮਹੱਤਵ, ਚੰਗੀ ਜੀਵਨ ਜਾਂਚ ਦੀ ਧਾਰਨੀ ਹੋ ਕੇ ਨਰੋਆ, ਨਸ਼ਾ ਰਹਿਤ ਸਮਾਜ ਦੀ ਸਿਰਜਣਾ ਕਰਨ 'ਚ ਯੋਗਦਾਨ ਪਾ ਸਕਦੇ ਹਨ।


Related News