ਸੰਸਦੀ ਸੰਮਨ ਦੇ ਮਾਮਲੇ ਵਿਚ ਟਰੰਪ ਨੇ ਜਿੱਤੀ ਕਾਨੂੰਨੀ ਲੜਾਈ

Sunday, Mar 01, 2020 - 01:02 AM (IST)

ਸੰਸਦੀ ਸੰਮਨ ਦੇ ਮਾਮਲੇ ਵਿਚ ਟਰੰਪ ਨੇ ਜਿੱਤੀ ਕਾਨੂੰਨੀ ਲੜਾਈ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਕ ਸੰਸਦੀ ਸੰਮਨ ਦਾ ਅਨਾਦਰ ਕਰਨ ਦੇ ਮਾਮਲੇ ਵਿਚ ਕਾਨੂੰਨੀ ਲੜਾਈ ਵਿਚ ਜਿੱਤ ਮਿਲੀ ਹੈ। ਇਕ ਅਪੀਲੀ ਅਦਾਲਤ ਨੇ ਇਸ ਮਾਮਲੇ ਵਿਚ ਦਾਖਲ ਕੀਤੇ ਗਏ ਮੁਕੱਦਮੇ ਵਿਚ ਸ਼ੁੱਕਰਵਾਰ ਨੂੰ ਰੱਦ ਕਰ ਦਿੱਤਾ। ਟਰੰਪ 'ਤੇ ਇਹ ਦੋਸ਼ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ ਆਪਣੇ ਸਾਬਕਾ ਕਾਨੂੰਨੀ ਸਲਾਹਕਾਰ ਡਾਨ ਮੈਕਹਨ ਨੂੰ ਸੰਸਦ ਦੇ ਸੰਮਨ ਦਾ ਸਨਮਾਨ ਕਰਨ ਤੋਂ ਰੋਕ ਦਿੱਤਾ ਸੀ। ਵਾਸ਼ਿੰਗਟਨ ਦੀ ਅਪੀਲੀ ਅਦਾਲਤ ਨੇ ਬਹੁਮਤ ਵਿਚ ਇਹ ਫੈਸਲਾ ਸੁਣਾਇਆ ਕਿ ਅਮਰੀਕੀ ਨਿਆਇਕ ਬਰਾਂਚ ਨੂੰ ਇਹ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੈ ਕਿ ਟਰੰਪ ਵ੍ਹਾਈਟ ਹਾਊਸ ਦੇ ਸਾਬਕਾ ਵਕੀਲ ਮੈਕਹਨ ਨੂੰ ਸੰਸਦ ਦੀ ਨਿਆਇਕ ਕਮੇਟੀ ਦੇ ਸਾਹਮਣੇ ਪੇਸ਼ ਹੋਣ ਤੋਂ ਰੋਕ ਸਕਦੇ ਹਨ ਜਾਂ ਨਹੀਂ।

ਮੈਕਹਨ ਨੇ ਬੀਤੇ ਸਾਲ ਟਰੰਪ ਖਿਲਾਫ ਮਹਾਦੋਸ਼ ਮਾਮਲੇ ਦੀ ਜਾਂਚ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਖਾਸ ਤੌਰ 'ਤੇ ਅਮਰੀਕਾ ਵਿਚ ਰੂਸ ਦੇ ਸਿਆਸੀ ਦਖਲ ਮਾਮਲੇ ਦੀ ਜਾਂਚ ਵਿਚ ਟਰੰਪ ਵਲੋਂ ਕਥਿਤ ਤੌਰ 'ਤੇ ਰੋੜਾ ਅਟਕਾਉਣ ਦੇ ਮਾਮਲੇ ਵਿਚ ਗਵਾਹੀ ਦੇਣਾ ਚਾਹੁੰਦੇ ਸਨ। ਇਸ 'ਤੇ ਕਮੇਟੀ ਨੇ ਉਨ੍ਹਾਂ ਨੂੰ ਸੰਮਨ ਜਾਰੀ ਕੀਤਾ ਸੀ, ਪਰ ਇਹ ਦੋਸ਼ ਲਗਾਇਆ ਗਿਆ ਸੀ ਕਿ ਟਰੰਪ ਦੇ ਨਿਰਦੇਸ਼ 'ਤੇ ਉਨ੍ਹਾਂ ਦੀ ਪੇਸ਼ੀ ਵਿਚ ਰੋੜਾ ਅਟਕਾ ਦਿੱਤਾ ਗਿਆ ਸੀ। ਇਸ ਮਾਮਲੇ ਨੂੰ ਬਾਅਦ ਵਿਚ ਕੋਰਟ ਵਿਚ ਚੁਣੌਤੀ ਦਿੱਤੀ ਗਈ ਸੀ।

ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਅਮਰੀਕੀ ਸੰਸਦ ਦੇ ਉੱਚ ਸਦਨ ਸੈਨੇਟ ਨੇ ਟਰੰਪ ਨੂੰ ਮਹਾਦੋਸ਼ ਦੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ। ਇਸ ਤੋਂ ਬਾਅਦ ਹਾਲ ਹੀ ਵਿਚ ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਸਾਹਮਣੇ ਆਈ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਅਮਰੀਕਾ ਦੇ ਖੁਫੀਆ ਅਧਿਕਾਰੀਆਂ ਨੇ ਸੰਸਦ ਮੈਂਬਰਾਂ ਨੂੰ ਸੁਚੇਤ ਕੀਤਾ ਹੈ ਕਿ ਰਾਸ਼ਟਰਪਤੀ ਚੋਣਾਂ ਵਿਚ ਰੂਸ ਫਿਰ ਦਖਲ ਦੇ ਰਿਹਾ ਹੈ। ਡੋਨਾਲਡ ਟਰੰਪ ਨੂੰ ਦੁਬਾਰਾ ਰਾਸ਼ਟਰਪਤੀ ਬਣਵਾਉਣ ਦੀ ਕੋਸ਼ਿਸ਼ ਦੇ ਤਹਿਤ ਅਜਿਹਾ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਉਜਾਗਰ ਹੋਣ 'ਤੇ ਟਰੰਪ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ।

ਯਾਦ ਰਹੇ ਕਿ ਅਮਰੀਕਾ ਵਿਚ ਇਸ ਸਾਲ ਨਵੰਬਰ ਵਿਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਸਾਲ 2016 ਦੇ ਰਾਸ਼ਟਰਪਤੀ ਚੋਣਾਂ ਵਿਚ ਵੀ ਰੂਸੀ ਦਖਲ ਦੇ ਦੋਸ਼ ਲੱਗੇ ਸਨ। ਇਸ ਤੋਂ ਬਾਅਦ ਜਾਂਚ ਵੀ ਹੋਈ ਸੀ ਪਰ ਟਰੰਪ ਦੀ ਪ੍ਰਚਾਰ ਟੀਮ ਅਤੇ ਰੂਸ ਵਿਚਾਲੇ ਗੰਢਤੁਪ ਦਾ ਕੋਈ ਸਬੂਤ ਨਹੀਂ ਮਿਲਿਆ ਸੀ। ਖੁਫੀਆ ਅਧਿਕਾਰੀਆਂ ਨੇ ਬੀਤੇ ਦਿਨੀਂ ਸੰਸਦ ਮੈਂਬਰਾਂ ਨੂੰ ਦੱਸਿਆ ਸੀ ਕਿ ਰੂਸ ਦਾ ਦਖਲ ਜਾਰੀ ਹੈ। ਰੂਸ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਾਇਮਰੀ ਦੇ ਨਾਲ ਹੀ ਆਮ ਚੋਣਾਂ ਵਿਚ ਵੀ ਦਖਲ ਦੀ ਕੋਸ਼ਿਸ਼ ਕਰ ਰਿਹਾ ਹੈ।


 


author

Sunny Mehra

Content Editor

Related News