ਟਰੰਪ ਨੇ ਅਫ਼ਗਾਨ ਰਾਸ਼ਟਰਪਤੀ ਨਾਲ ਗੱਲਬਾਤ ਦੌਰਾਨ ਕਾਬੁਲ ਹਮਲੇ ਦੀ ਕੀਤੀ ਨਿੰਦਿਆ
Thursday, Jun 01, 2017 - 12:20 PM (IST)

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਗੱਲਬਾਤ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਕਾਬੁਲ 'ਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਇਸ ਨੂੰ ਕਰੂਰਤਾ ਅਤੇ ਦਰਿੰਦਗੀ ਭਰੀ ਕਰਤੂਤ ਕਰਾਰ ਦਿੱਤਾ। ਕਾਬੁਲ ਦੇ ਡਿਪਲੋਮੈਟ ਇਲਾਕੇ 'ਚ ਬੁੱਧਵਾਰ (31 ਮਈ) ਨੂੰ ਹੋਏ ਸ਼ਕਤੀਸ਼ਾਲੀ ਟਰੱਕ ਬੰਬ ਧਮਾਕੇ 'ਚ ਘੱਟੋ-ਘੱਟ 90 ਲੋਕਾਂ ਦੀ ਮੌਤ ਹੋ ਗਈ ਅਤੇ ਸੈਕੜੇ ਲੋਕ ਜ਼ਖਮੀ ਹੋ ਗਏ। ਵ੍ਹਾਈਟ ਹਾਊਸ ਨੇ ਦੋਵਾਂ ਨੇਤਾਵਾਂ ਵਿਚਕਾਰ ਹੋਈ ਗੱਲਬਾਤ ਦਾ ਬਿਓਰਾ ਦਿੰਦੇ ਹੋਏ ਕਿਹਾ, ''ਰਾਸ਼ਟਰਪਤੀ ਟਰੰਪ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ 'ਚ ਹੋਏ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਉਨ੍ਹਾਂ ਅੱਤਵਾਦੀਆਂ ਦੇ ਮਾੜੇ ਸੁਭਾਅ ਨੂੰ ਦਰਸਾਉਦਾ ਹੈ ਜੋ ਸੱਭਿਅਕ ਲੋਕਾਂ ਦੇ ਦੁਸ਼ਮਣ ਹਨ।'' ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ, ਮਿੱਤਰਾਂ ਅਤੇ ਜ਼ਖਮੀਆਂ ਪ੍ਰਤੀ ਆਪਣੀ ਸੰਵੇਦਨਾ ਜਤਾਉਦੇ ਹੋਏ ਟਰੰਪ ਨੇ ਹਮਲੇ ਦੇ ਤੁਰੰਤ ਬਾਅਦ ਜ਼ਖਮੀਆਂ ਦੀ ਮਦਦ ਕਰਨ ਵਾਲਿਆਂ ਦੀ ਸਲਾਂਘਾ ਕੀਤੀ। ਵ੍ਹਾਈਟ ਹਾਊਸ ਨੇ ਕਿਹਾ '' ਉਨ੍ਹਾਂ ਨੇ ਦੁਸ਼ਮਣਾਂ ਤੋਂ ਆਪਣੇ ਲੋਕਾਂ ਦੀ ਰੱਖਿਆ ਕਰ ਰਹੇ ਅਫ਼ਗਾਨ ਸੁਰੱਖਿਆ ਬਲਾਂ ਦੀ ਵੀ ਤਾਰੀਫ ਕੀਤੀ।'' ਵ੍ਹਾਈਟ ਹਾਊਸ ਅਨੁਸਾਰ ਅਮਰੀਕੀ ਦੂਤਾਵਾਸ ਪੀੜਿਤਾਂ ਦੀ ਮਦਦ ਕਰਨ ਅਤੇ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆ ਦੇ ਘੇਰੇ 'ਚ ਲਿਆਉਣ ਨੂੰ ਲੈ ਕੇ ਉੱਥੋਂ ਦੀ ਸਰਕਾਰ ਦੇ ਸਹਿਯੋਗ ਲਈ ਅਫ਼ਗਾਨਿਸਤਾਨ ਅਤੇ ਆਪਣੇ ਸਾਂਝੀਦਾਰਾਂ ਨਾਲ ਕੰਮ ਕਰ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਵੀ ਇਸ ਧਮਾਕੇ ਦੀ ਨਿੰਦਾ ਕੀਤੀ ਅਤੇ ਪੀੜਿਤਾਂ ਦੇ ਪਰਿਵਾਰਾਂ ਪ੍ਰਤੀ ਡੂੰਘਾ ਦੁੱਖ ਜਤਾਇਆ।