ਅਮਰੀਕਾ ਦੀਆਂ ਨਜ਼ਰਾਂ ਹੁਣ ਇਸਲਾਮਿਕ ਸਟੇਟ ਦੇ ਨਵੇਂ ਨੇਤਾ ''ਤੇ: ਟਰੰਪ

11/13/2019 1:48:04 PM

ਵਾਸ਼ਿੰਗਟਨ (ਏਪੀ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਹੁਣ ਸਾਡੀ ਨਜ਼ਰ ਇਸਲਾਮਿਕ ਸਟੇਟ ਦੇ ਨਵੇਂ ਨੇਤਾ 'ਤੇ ਹੈ ਤੇ ਅਸੀਂ ਜਾਣਦੇ ਹਾਂ ਕਿ ਉਹ ਕਿਥੇ ਹੈ। ਟਰੰਪ ਨੇ ਆਈ.ਐੱਸ. ਦੇ ਨਵੇਂ ਨੇਤਾ ਦਾ ਨਾਂ ਨਹੀਂ ਦੱਸਿਆ ਪਰ ਸ਼ਾਇਹ ਉਹ ਅਬੂ ਇਬਰਹੀਮ ਅਲ ਹਾਸ਼ਮੀ ਅਲ-ਕੁਰੈਸ਼ੀ ਦਾ ਜ਼ਿਕਰ ਕਰ ਰਹੇ ਸਨ।

ਅਜਿਹੀਆਂ ਖਬਰਾਂ ਹਨ ਕਿ ਅਲ ਕੁਰੈਸ਼ੀ ਨੇ ਅੱਤਵਾਦੀ ਸੰਗਠਨ ਦੇ ਸਰਗਨਾ ਦੇ ਤੌਰ 'ਤੇ ਅਬੂ ਬਕਰ ਅਲ ਬਗਦਾਦੀ ਦੀ ਥਾਂ ਲਈ ਹੈ। ਬਗਦਾਦੀ ਨੇ ਉੱਤਰੀ ਸੀਰੀਆ 'ਚ ਅਮਰੀਕੀ ਕਮਾਂਡੋ ਵਲੋਂ ਪਿੱਛਾ ਕੀਤੇ ਜਾਣ ਤੋਂ ਬਾਅਦ ਖੁਦ ਨੂੰ ਵਿਸਫੋਟਕਾਂ ਨਾਲ ਉਡਾ ਲਿਆ ਸੀ। ਮੰਗਲਵਾਰ ਨੂੰ ਦਿੱਤੇ ਭਾਸ਼ਣ 'ਚ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਅਲ ਬਗਦਾਦੀ ਨੂੰ ਖਤਮ ਕੀਤਾ ਤੇ ਫਿਰ ਦੂਜੇ ਸਰਗਨੇ ਨੂੰ... ਹੁਣ ਸਾਡੀ ਨਜ਼ਰ ਤੀਜੇ 'ਤੇ ਹੈ। ਉਨ੍ਹਾਂ ਨੇ ਕਿਹਾ ਕਿ ਤੀਜੇ ਸਰਗਨਾ ਨੂੰ ਕਾਫੀ ਦਿੱਕਤਾਂ ਹੋਣਗੀਆਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਉਹ ਕਿਥੇ ਹੈ। ਅਲ ਕੁਰੈਸ਼ੀ ਦੇ ਬਾਰੇ ਜਨਤਕ ਰੂਪ ਨਾਲ ਜ਼ਿਆਦਾ ਜਾਣਕਾਰੀ ਨਹੀਂ ਹੈ। ਇਸਲਾਮਿਕ ਸਟੇਟ ਦੇ ਅਹੁਦਿਆਂ ਦੀ ਲੜੀ ਸਪੱਸ਼ਟ ਨਹੀਂ ਹੈ ਤੇ ਉਸ ਦੇ ਬਾਕੀ ਚੋਟੀ ਦੇ ਨੇਤਾਵਾਂ ਦੇ ਬਾਰੇ 'ਚ ਬਹੁਤ ਘੱਟ ਜਾਣਕਾਰੀਆਂ ਹਨ। ਟਰੰਪ ਨੇ ਜਿਸ ਦੂਜੇ ਸਰਗਨੇ ਦਾ ਜ਼ਿਕਰ ਕੀਤਾ ਹੈ ਉਹ ਅਬੂ ਹਸਨ ਅਲ ਮੁਜਾਹਿਰ ਹੋ ਸਕਦਾ ਹੈ, ਜੋ ਬਗਦਾਦੀ ਦਾ ਕਰੀਬੀ ਸਹਾਇਕ ਸੀ ਤੇ 2016 ਤੋਂ ਅੱਤਵਾਦੀ ਸਮੂਹ ਦਾ ਬੁਲਾਰਾ ਸੀ। ਅਲ ਬਗਦਾਦੀ ਦੀ ਮੌਤ ਤੋਂ ਬਾਅਦ ਅਮਰੀਕਾ ਤੇ ਕੁਰਦਿਸ਼ ਫੌਜ ਦੇ ਸੰਯੁਕਤ ਅਭਿਆਨ 'ਚ ਉਹ ਵੀ ਮਾਰਿਆ ਗਿਆ ਸੀ। ਫਿਲਹਾਲ ਇਹ ਦੂਜਾ ਵਿਅਕਤੀ ਫਾਦਿਲ ਅਹਿਮਦ ਅਲ ਹਯਾਲੀ ਵੀ ਹੋ ਸਕਦਾ ਹੈ, ਜਿਸ ਨੂੰ ਸਮੂਹ 'ਚ ਨੰਬਰ 2 ਦੀ ਹੈਸੀਅਤ ਰੱਖਣ ਵਾਲਾ ਦੱਸਿਆ ਜਾਂਦਾ ਹੈ ਤੇ ਉਹ ਇਰਾਕ 'ਚ ਅਮਰੀਕਾ ਦੇ ਹਵਾਈ ਹਮਲੇ 'ਚ ਅਗਸਤ 2015 'ਚ ਮਾਰਿਆ ਗਿਆ ਸੀ।


Baljit Singh

Content Editor

Related News