20 ਜਨਵਰੀ ਨੂੰ ਬਾਈਡੇਨ ਦੀ ਤਾਜਪੋਸ਼ੀ ''ਚ ਨਹੀਂ ਹੋਵਾਂਗਾ ਸ਼ਾਮਲ : ਟਰੰਪ
Friday, Jan 08, 2021 - 11:22 PM (IST)
ਵਾਸ਼ਿੰਗਟਨ- ਟਰੰਪ ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਨਹੀਂ ਹੋਣਗੇ। 1869 ਵਿਚ ਅਮਰੀਕਾ ਦੇ 17ਵੇਂ ਰਾਸ਼ਟਰਪਤੀ ਐਂਡ੍ਰਿਊ ਜਾਨਸਨ ਤੋਂ ਬਾਅਦ ਡੋਨਾਲਡ ਟਰੰਪ ਪਹਿਲੇ ਅਜਿਹੇ ਜਾਂਦੇ ਹੋਏ ਰਾਸ਼ਟਰਪਤੀ ਹਨ ਜਿਹੜੇ ਆਪਣੇ ਉਤਰਾਧਿਕਾਰੀ ਦੇ ਸਹੁੰ ਚੁੱਕ ਸਮਾਗਮ ਵਿਚ ਨਹੀਂ ਜਾਣਗੇ।
ਟਰੰਪ ਨੇ ਟਵੀਟ ਕੀਤਾ, ''ਉਨ੍ਹਾਂ ਸਾਰਿਆਂ ਲਈ ਜਿਨ੍ਹਾਂ ਨੇ ਪੁੱਛਿਆ ਹੈ, ਮੈਂ 20 ਜਨਵਰੀ ਨੂੰ ਉਦਘਾਟਨ ਵਿਚ ਨਹੀਂ ਜਾਵਾਂਗਾ।''
ਪਹਿਲਾਂ ਹੀ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਟਰੰਪ ਇਸ ਤਰ੍ਹਾਂ ਦਾ ਕਦਮ ਉਠਾ ਸਕਦੇ ਹਨ ਕਿਉਂਕਿ ਕੱਲ ਤੱਕ ਉਹ ਹਾਰ ਮੰਨਣ ਲਈ ਵੀ ਤਿਆਰ ਨਹੀਂ ਸਨ। 'ਦਿ ਹਿਲ' ਦੀ ਰਿਪੋਰਟ ਮੁਤਾਬਕ, ਸਲਾਹਕਾਰਾਂ ਨੂੰ ਉਮੀਦ ਹੈ ਕਿ ਟਰੰਪ ਫਲੋਰੀਡਾ ਲਈ ਨਿਕਲ ਸਕਦੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਬਾਈਡੇਨ ਦੇ ਸਮਾਗਮ ਤੋਂ ਇਕ ਦਿਨ ਪਹਿਲਾਂ ਹੀ ਉਹ ਅਜਿਹਾ ਕਰਨ ਬਾਰੇ ਸੋਚ ਰਹੇ ਹਨ ਤਾਂ ਜੋ 'ਏਅਰ ਫੋਰਸ ਵਨ' ਦਾ ਇਸਤੇਮਾਲ ਕਰ ਸਕਣ।
ਇਹ ਵੀ ਪੜ੍ਹੋ- ਬੈਂਕ ਮੁਲਾਜ਼ਮਾਂ ਦੀ ਟੀਕਾਕਰਨ ਦੀ ਪਹਿਲੀ ਸੂਚੀ 'ਚ ਸ਼ਾਮਲ ਹੋਣ ਦੀ ਮੰਗ
ਇਹ ਵੀ ਪੜ੍ਹੋ- ਬਜਟ 2021 : ਕਿਸਾਨਾਂ ਲਈ 1 ਲੱਖ ਤੱਕ ਦਾ ਲੋਨ ਹੋ ਸਕਦੈ ਵਿਆਜ ਮੁਕਤ
ਕਿਹਾ ਜਾ ਰਿਹਾ ਹੈ ਕਿ ਉਪ ਰਾਸ਼ਟਰਪਤੀ ਪੈਂਸ ਦੇ ਸਮਾਗਮ ਵਿਚ ਸ਼ਾਮਲ ਹੋਣ ਦੀ ਉਮੀਦ ਹੈ, ਹਾਲਾਂਕਿ ਉਨ੍ਹਾਂ ਦੇ ਦਫ਼ਤਰ ਨੇ ਕਿਹਾ ਕਿ ਉਨ੍ਹਾਂ ਨੂੰ ਰਸਮੀ ਤੌਰ ‘ਤੇ ਨਹੀਂ ਬੁਲਾਇਆ ਗਿਆ ਹੈ। ਉਦਘਾਟਨ ਸਮਾਰੋਹ ਦੀ ਸਾਂਝੀ ਕਾਂਗਰਸ ਕਮੇਟੀ ਦੇ ਬੁਲਾਰੇ ਨੇ ਕਿਹਾ ਕਿ ਵਿਦਾ ਹੋਣ ਵਾਲੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੂੰ ਕਦੇ ਵੀ ਰਸਮੀ ਤੌਰ 'ਤੇ ਨਹੀਂ ਬੁਲਾਇਆ ਜਾਂਦਾ। ਸੱਤਾ ਦੇ ਸ਼ਾਂਤੀਪੂਰਵਕ ਤਬਦੀਲੀ ਦੇ ਸਮਰਥਨ ਵਜੋਂ ਹੁਣ ਤੱਕ ਰਾਸ਼ਟਰਪਤੀ-ਉਪ ਰਾਸ਼ਟਰਪਤੀ ਆਪਣੇ ਉੱਤਰਾਧਿਕਾਰੀਆਂ ਦੇ ਉਦਘਾਟਨ ਸਮਾਗਮ ਵਿਚ ਰਵਾਇਤੀ ਤੌਰ 'ਤੇ ਸ਼ਿਰਕਤ ਕਰਦੇ ਰਹੇ ਹਨ। ਸਾਬਕਾ ਰਾਸ਼ਟਰਪਤੀ ਓਬਾਮਾ ਅਤੇ ਉਸ ਸਮੇਂ ਦੇ ਉਪ ਰਾਸ਼ਟਰਪਤੀ ਬਾਈਡੇਨ ਦੋਵੇਂ ਟਰੰਪ ਦੇ ਸਮਾਗਮ ਵਿਚ ਸ਼ਾਮਲ ਹੋਏ ਸਨ।
► ਟਰੰਪ ਦੇ ਇਸ ਬਿਆਨ 'ਤੇ ਤੁਹਾਡੀ ਕੀ ਹੈ ਰਾਇ, ਕੁਮੈਂਟ ਬਾਕਸ ਵਿਚ ਦਿਓ ਟਿਪਣੀ