ਟਰੰਪ ਦੀ ਰੂਸ ਨੂੰ ਚਿਤਾਵਨੀ, ਕਿਹਾ- 'ਚੋਣਾਂ 'ਚ ਨਾ ਦੇਣਾ ਦਖਲ, ਨਹੀਂ ਤਾਂ ਵਿਗੜ ਜਾਣਗੇ ਰਿਸ਼ਤੇ'

Wednesday, Dec 11, 2019 - 03:24 PM (IST)

ਟਰੰਪ ਦੀ ਰੂਸ ਨੂੰ ਚਿਤਾਵਨੀ, ਕਿਹਾ- 'ਚੋਣਾਂ 'ਚ ਨਾ ਦੇਣਾ ਦਖਲ, ਨਹੀਂ ਤਾਂ ਵਿਗੜ ਜਾਣਗੇ ਰਿਸ਼ਤੇ'

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੰਨੀਂ ਦਿਨੀਂ ਮਹਾਦੋਸ਼ ਦੀ ਪ੍ਰਕਿਰਿਆ ਦਾ ਸਾਹਮਣਾ ਕਰ ਰਹੇ ਹਨ ਪਰ ਇਸੇ ਦੇ ਨਾਲ ਉਹਨਾਂ ਦੇ ਸਾਹਮਣੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੀ ਚੁਣੌਤੀ ਵੀ ਹੈ। ਮੰਗਲਵਾਰ ਨੂੰ ਵ੍ਹਾਈਟ ਹਾਊਸ ਦੇ ਓਵਲ ਦਫਤਰ ਵਿਚ ਡੋਨਾਲਡ ਟਰੰਪ ਨੇ ਰੂਸ ਦੇ ਵਿਦੇਸ਼ ਮੰਤਰੀ ਸਰਜੀ ਲੇਵਰੋਵ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਟਰੰਪ ਨੇ ਰੂਸ ਨੂੰ ਸਾਵਧਾਨ ਕੀਤਾ ਤੇ ਕਿਹਾ ਕਿ ਉਹ ਅਮਰੀਕੀ ਚੋਣਾਂ ਵਿਚ ਦਖਲ ਨਾ ਦੇਵੇ।

ਦੱਸ ਦਈਏ ਕਿ 2016 ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਲਗਾਤਾਰ ਦੋਸ਼ ਲੱਗਦੇ ਰਹੇ ਹਨ ਕਿ ਰੂਸ ਨੇ ਉਹਨਾਂ ਚੋਣਾਂ ਵਿਚ ਬਹੁਤ ਦਖਲ ਦਿੱਤੀ ਸੀ। ਡੈਮੋਕ੍ਰੇਟਿਕ ਪਾਰਟੀ ਦੋਸ਼ ਲਾਉਂਦੀ ਰਹੀ ਹੈ ਕਿ ਡੋਨਾਲਡ ਟਰੰਪ ਨੇ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਰੂਸ ਦੀ ਮਦਦ ਲਈ ਸੀ।

ਹਾਲਾਂਕਿ ਯੂਕ੍ਰੇਨ ਵਿਵਾਦ ਤੇ ਮਹਾਦੋਸ਼ ਦੀ ਪ੍ਰਕਿਰਿਆ ਦੇ ਵਿਚਾਲੇ ਮੰਗਲਵਾਰ ਨੂੰ ਜਦੋਂ ਡੋਨਾਲਡ ਟਰੰਪ ਰੂਸੀ ਵਿਦੇਸ਼ ਮੰਤਰੀ ਨਾਲ ਮਿਲੇ ਤਾਂ ਉਹਨਾਂ ਨੇ ਇਕ ਵਾਰ ਫਿਰ ਚੋਣ ਪ੍ਰਕਿਰਿਆ ਦਾ ਮੁੱਦਾ ਚੁੱਕਿਆ। ਵ੍ਹਾਈਟ ਹਾਊਸ ਵਲੋਂ ਜਾਰੀ ਬਿਆਨ ਮੁਤਾਬਕ ਅਮਰੀਕੀ ਰਾਸ਼ਟਰਪਤੀ ਨੇ ਰੂਸੀ ਵਿਦੇਸ਼ ਮੰਤਰੀ ਨੂੰ ਚਿਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਰੂਸ ਨੂੰ ਅਮਰੀਕੀ ਚੋਣਾਂ ਵਿਚ ਦਖਲ ਨਹੀਂ ਦੇਣੀ ਚਾਹੀਦੀ। ਜੇਕਰ ਅਜਿਹਾ ਹੁੰਦਾ ਹੈ ਤਾਂ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਲਈ ਚੰਗਾ ਨਹੀਂ ਹੋਵੇਗਾ।

ਇਸ ਦੇ ਨਾਲ ਹੀ ਡੋਨਾਲਡ ਟਰੰਪ ਨੇ ਕਿਹਾ ਕਿ ਰੂਸ ਨੂੰ ਜਲਦੀ ਹੀ ਯੂਕ੍ਰੇਨ ਦੇ ਨਾਲ ਆਪਣਾ ਵਿਵਾਦ ਸੁਲਝਾ ਲੈਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਇਸ ਵੇਲੇ ਆਪਣੇ ਦੇਸ਼ ਵਿਚ ਮਹਾਦੋਸ਼ ਦੀ ਪ੍ਰਕਿਰਿਆ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਨੂੰ ਸੈਨੇਟ ਦੇ ਸਾਹਮਣੇ ਸੁਣਵਾਈ ਵਿਚ ਸ਼ਾਮਲ ਹੋਣਾ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਡੋਨਾਲਡ ਟਰੰਪ ਨੇ ਯੂਕ੍ਰੇਨ 'ਤੇ ਦਬਾਅ ਬਣਾਇਆ ਹੈ ਕਿ ਉਹ ਡੈਮੋਕ੍ਰੇਟਸ ਦੇ ਉਮੀਦਵਾਰ ਜੋ ਬਿਡੇਨ ਤੇ ਉਹਨਾਂ ਦੇ ਬੇਟੇ ਦੇ ਖਿਲਾਫ ਜਾਂਚ ਤੇਜ਼ ਕਰਨ। ਹਾਲਾਂਕਿ ਡੋਨਾਲਡ ਟਰੰਪ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਸੀ।


author

Baljit Singh

Content Editor

Related News