ਬੰਗਲਾਦੇਸ਼ ’ਚ ਐਂਟਰੀ ਦੀ ਤਿਆਰੀ ਕਰ ਰਹੇ ਟਰੰਪ
Saturday, Oct 04, 2025 - 09:30 PM (IST)

ਢਾਕਾ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਬੰਗਲਾਦੇਸ਼ ’ਚ ਐਂਟਰੀ ਦੀ ਤਿਆਰੀ ਕਰ ਰਹੇ ਹਨ। ਟਰੰਪ ਨੇ ਬੰਗਲਾਦੇਸ਼ ਦੇ ਪੂਰਬੀ ਸੇਂਟ ਮਾਰਟਿਨ ਟਾਪੂ ’ਤੇ ਰਿਜ਼ਾਰਟ (ਰਿਵੇਰਾ) ਬਣਾਉਣ ਦਾ ਪਲਾਨ ਬਣਾਇਆ ਹੈ। ਇੱਥੇ ਵਿਦੇਸ਼ੀਆਂ ਲਈ ਇਕ ਵਿਸ਼ੇਸ਼ ਜ਼ੋਨ ਸਥਾਪਤ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਹਾਲ ਹੀ ’ਚ ਬੰਗਲਾਦੇਸ਼ੀ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਨਿਊਯਾਰਕ ’ਚ ਟਰੰਪ ਨਾਲ ਮੁਲਾਕਾਤ ਕੀਤੀ ਸੀ।
ਇਸ ਦੌਰਾਨ ਸੇਂਟ ਮਾਰਟਿਨ ਟਾਪੂ ਬਾਰੇ ਚਰਚਾ ਹੋਈ ਸੀ। ਯੂਨਸ ਨੇ ਟਰੰਪ ਦੇ ਏਸ਼ੀਆ ਖੇਤਰ ਦੇ ਵਿਸ਼ੇਸ਼ ਸਲਾਹਕਾਰ ਸਰਜੀਓ ਗੋਰ ਨਾਲ ਵੀ ਮੁਲਾਕਾਤ ਕੀਤੀ ਸੀ। ਸੇਂਟ ਮਾਰਟਿਨ ਬਾਰੇ ਵੀ ਚਰਚਾ ਹੋਈ ਅਤੇ ਇਸ ਟਾਪੂ ਨੂੰ ਅਮਰੀਕੀ ਰਿਜ਼ਾਰਟ ਵਜੋਂ ਵਿਕਸਤ ਕਰਨ ਦੇ ਪਹਿਲੂਆਂ ਨੂੰ ਅੰਤਿਮ ਰੂਪ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਸੇਂਟ ਮਾਰਟਿਨ ਟਾਪੂ ਨੂੰ ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਪਹਿਲਾਂ ਲੀਜ਼ ’ਤੇ ਦੇਵੇਗੀ। ਇਹ ਲੀਜ਼ 99 ਸਾਲ ਦੀ ਹੋਣ ਵਾਲੀ ਹੈ। ਇਸ ਸਬੰਧੀ ਬੰਗਲਾਦੇਸ਼ ਅਤੇ ਅਮਰੀਕੀ ਸਰਕਾਰ ਵਿਚਾਲੇ ਐਲਾਨੇ ਅਤੇ ਅਣ-ਐਲਾਨੇ ਦੋਵੇਂ ਸਮਝੌਤੇ ਹੋਏ ਹਨ।
ਸੇਂਟ ਮਾਰਟਿਨ ਟਾਪੂ ਨੂੰ ਅਮਰੀਕਾ ਨੂੰ ਲੀਜ਼ ’ਤੇ ਦੇਣ ਲਈ ਅੰਤ੍ਰਿਮ ਸਰਕਾਰ ਨੂੰ ਸੰਸਦ ਤੋਂ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਇਸ ਸਮੇਂ ਬੰਗਲਾਦੇਸ਼ੀ ਸੰਸਦ ਸਸਪੈਂਡ ਹੈ। ਅੰਤ੍ਰਿਮ ਸਰਕਾਰ ਫੌਜ ਦੀ ਪ੍ਰਵਾਨਗੀ ਨਾਲ ਆਪਣਾ ਫੈਸਲਾ ਲੈ ਸਕਦੀ ਹੈ।
ਬੰਗਾਲ ਦੀ ਖਾੜੀ ਵਿਚ 9 ਵਰਗ ਕਿਲੋਮੀਟਰ ’ਚ ਫੈਲਿਆ ਸੇਂਟ ਮਾਰਟਿਨ ਟਾਪੂ ਦੀ ਲੋਕੇਸ਼ਨ ਬਹੁਤ ਅਹਿਮ ਹੈ। ਇਹ ਬੰਗਲਾਦੇਸ਼ ਦੀ ਮੁੱਖ ਭੂਮੀ ਤੋਂ ਲੱਗਭਗ 8 ਕਿਲੋਮੀਟਰ ਦੂਰ ਸਥਿਤ ਹੈ।