ਟਰੰਪ ਦਾ ਹੁਕਮ- ''ਰੂਸ ਦੀ ਦਖ਼ਲਅੰਦਾਜ਼ੀ ਸਬੰਧੀ ਸਾਰੇ ਦਸਤਾਵੇਜ਼ ਜਨਤਕ ਕਰੋ''
Thursday, Oct 08, 2020 - 08:59 AM (IST)
ਵਾਸ਼ਿੰਗਟਨ, (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ’ਚ 2016 ’ਚ ਹੋਈਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ’ਚ ਰੂਸ ਦੀ ਕਥਿਤ ਦਖ਼ਲਅੰਦਾਜ਼ੀ ਸਬੰਧੀ ਮਾਮਲੇ ਨੂੰ ਫਰਜ਼ੀ ਦੱਸਦੇ ਹੋਏ ਇਸ ਨਾਲ ਜੁੜੇ ਸਾਰੇ ਦਸਤਾਵੇਜ਼ਾਂ ਨੂੰ ‘ਪੂਰੀ ਤਰ੍ਹਾਂ ਜਨਤਕ’ ਕਰਨ ਦਾ ਹੁਕਮ ਦਿੱਤਾ।
ਇਸ ਹੁਕਮ ਤੋਂ ਕੁਝ ਹੀ ਘੰਟੇ ਪਹਿਲਾਂ ਰਾਸ਼ਟਰੀ ਖੁਫੀਆ ਨਿਰਦੇਸ਼ਕ ਨੇ ਕੁਝ ਦਸਤਾਵੇਜ਼ਾਂ ਨੂੰ ਜਨਤਕ ਕੀਤਾ ਸੀ। ‘ਫਾਕਸ ਨਿਊਜ਼’ ਨੇ ਕਿਹਾ ਕਿ ਹਸਤਲਿਖਤ ਦਸਤਾਵੇਜ਼ਾਂ ’ਚ ਖੁਲਾਸਾ ਹੋਇਆ ਹੈ ਕਿ ਸਾਬਕਾ ਸੀ. ਆਈ. ਏ. ਨਿਰਦੇਸ਼ਕ ਜਾਨ ਬ੍ਰੇਨਨ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਜਾਣਕਾਰੀ ਦਿੱਤੀ ਸੀ ਕਿ 2016 ਦੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ’ਚ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੇ ਟਰੰਪ ਨੂੰ ਰੂਸ ਨਾਲ ਜੋੜਨ ਦੀ ਕਥਿਤ ਯੋਜਨਾ ਬਣਾਈ ਸੀ, ਤਾਂ ਜੋ ਉਨ੍ਹਾਂ ਦੇ (ਹਿਲੇਰੀ ਦੇ) ਨਿੱਜੀ ਈਮੇਲ ਸਰਵਰ ਦੀ ਵਰਤੋਂ ਤੋਂ ਲੋਕਾਂ ਦਾ ਧਿਆਨ ਵੰਡਿਆ ਜਾ ਸਕੇ।
ਜ਼ਿਕਰਯੋਗ ਹੈ ਕਿ 3 ਨਵੰਬਰ ਨੂੰ ਅਮਰੀਕੀ ਆਪਣਾ ਅਗਲਾ ਰਾਸ਼ਟਰਪਤੀ ਚੁਣਨ ਜਾ ਰਹੇ ਹਨ ਪਰ ਇਸ ਤੋਂ ਪਹਿਲਾਂ ਟਰੰਪ ਆਪਣੀ ਸਾਖ਼ ਬਚਾਉਣ ਲਈ ਤੇ ਵੋਟਰਾਂ ਨੂੰ ਖੁਸ਼ ਕਰਨ ਲਈ ਬਿਆਨਬਾਜ਼ੀ ਕਰ ਰਹੇ ਹਨ।