ਦੁਨੀਆ ਕੋਰੋਨਾ ਤੋਂ ਪ੍ਰੇਸ਼ਾਨ, ਟਰੰਪ ਦੀਆਂ ਨਜ਼ਰਾਂ ਚੰਨ ''ਤੇ, ਦਿੱਤੀ ਖੋਦਾਈ ਦੀ ਮਨਜ਼ੂਰੀ
Wednesday, Apr 08, 2020 - 06:36 PM (IST)
ਵਾਸ਼ਿੰਗਟਨ (ਏਜੰਸੀਆਂ)– ਪੂਰੀ ਦੁਨੀਆ ਇਸ ਵੇਲੇ ਚਿੰਤਾ 'ਚ ਹੈ ਕਿ ਕੋਰੋਨਾ ਵਾਇਰਸ ਦੇ ਖਤਰੇ ਦਾ ਸਾਹਮਣਾ ਕਿਵੇਂ ਕਰੇ ਪਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨਜ਼ਰਾਂ ਚੰਨ 'ਤੇ ਟਿਕੀਆਂ ਹਨ। ਉਨ੍ਹਾਂ ਇਕ ਹੁਕਮ ਜਾਰੀ ਕੀਤਾ ਹੈ ਜਿਸ ਨਾਲ ਅਮਰੀਕਾ ਨੂੰ ਚੰਨ 'ਤੇ ਖਣਿਜਾਂ ਦੀ ਖੋਦਾਈ ਦੀ ਇਜਾਜ਼ਤ ਮਿਲਦੀ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਟਰੰਪ ਦੇ ਇਸ ਹੁਕਮ ਤੋਂ ਇਹ ਸੰਕੇਤ ਮਿਲਦਾ ਹੈ ਕਿ ਚੰਨ 'ਤੇ ਖੋਦਾਈ ਲਈ ਕਿਸੇ ਅੰਤਰਰਾਸ਼ਟਰੀ ਸਮਝੌਤੇ ਦੀ ਲੋੜ ਹੀ ਨਹੀਂ ਹੈ।
ਟਰੰਪ ਦੇ ਹੁਕਮ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਕੋਲ ਪੁਲਾੜ ਦੇ ਸਾਧਨਾਂ ਨੂੰ ਖੋਜਣ ਅਤੇ ਉਨ੍ਹਾਂ ਦੀ ਕਮਰਸ਼ੀਅਲ ਵਰਤੋਂ ਲਈ ਸੰਭਾਵਨਾਵਾਂ ਲੱਭਣ ਦਾ ਅਧਿਕਾਰ ਹੈ। ਇਸ ਹੁਕਮ 'ਚ ਕਿਹਾ ਗਿਆ ਹੈ ਕਿ ਅਮਰੀਕਾ ਨੇ 1979 ਦੀ 'ਮੂਨ ਟ੍ਰੀਟੀ' ਨੂੰ ਕਦੇ ਸਾਈਨ ਹੀ ਨਹੀਂ ਕੀਤਾ। ਇਸ ਸਮਝੌਤੇ ਤਹਿਤ ਪੁਲਾੜ 'ਚ ਕਿਸੇ ਵੀ ਤਰ੍ਹਾਂ ਦੇ ਕੰਮ ਲਈ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਹੋਣੀ ਚਾਹੀਦੀ ਹੈ।