''''ਓਬਾਮਾ ਨੇ ਅਜਿਹਾ ਕੁਝ ਨਹੀਂ ਕੀਤਾ, ਨੋਬਲ ਪੁਰਸਕਾਰ ਦਾ ਮੇਰੇ ਤੋਂ ਵੱਧ ਕੋਈ ਹੱਕਦਾਰ ਨਹੀਂ...'''' : ਡੋਨਾਲਡ ਟਰੰਪ
Saturday, Jan 10, 2026 - 10:30 AM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਨੋਬਲ ਸ਼ਾਂਤੀ ਪੁਰਸਕਾਰ ਲਈ ਆਪਣੀ ਦਾਅਵੇਦਾਰੀ ਪੇਸ਼ ਕਰਦਿਆਂ ਕਿਹਾ ਹੈ ਕਿ ਇਤਿਹਾਸ ਵਿੱਚ ਉਨ੍ਹਾਂ ਤੋਂ ਵੱਧ ਇਸ ਸਨਮਾਨ ਦਾ ਕੋਈ ਹੋਰ ਹੱਕਦਾਰ ਨਹੀਂ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕਈ ਅਜਿਹੀਆਂ ਜੰਗਾਂ ਰੁਕਵਾਈਆਂ ਹਨ ਜੋ ਦਹਾਕਿਆਂ ਤੋਂ ਚੱਲ ਰਹੀਆਂ ਸਨ।
ਟਰੰਪ ਅਨੁਸਾਰ, ਦੂਜੀ ਵਾਰ ਰਾਸ਼ਟਰਪਤੀ ਬਣਨ ਦੇ 8 ਮਹੀਨਿਆਂ ਦੇ ਅੰਦਰ ਉਨ੍ਹਾਂ ਨੇ 8 ਵੱਡੀਆਂ ਜੰਗਾਂ ਰੁਕਵਾਈਆਂ ਹਨ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਨੂੰ ਪਸੰਦ ਕਰਨ ਜਾਂ ਨਾ ਕਰਨ, ਪਰ ਉਨ੍ਹਾਂ ਨੇ ਉਹ ਟਕਰਾਅ ਖ਼ਤਮ ਕੀਤੇ ਹਨ ਜੋ 25 ਤੋਂ 36 ਸਾਲਾਂ ਤੋਂ ਜਾਰੀ ਸਨ। ਟਰੰਪ ਨੇ ਵਿਸ਼ੇਸ਼ ਤੌਰ 'ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਰੁਕਵਾਉਣ ਦਾ ਸਿਹਰਾ ਖੁਦ ਨੂੰ ਦਿੱਤਾ ਹੈ ਤੇ ਕਿਹਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਉਨ੍ਹਾਂ ਨੂੰ ਲੱਖਾਂ ਜਾਨਾਂ ਬਚਾਉਣ ਲਈ ਧੰਨਵਾਦ ਕੀਤਾ ਸੀ। ਹਾਲਾਂਕਿ ਟਰੰਪ ਅਮਰੀਕੀ ਵਿਚੋਲਗੀ ਦਾ ਦਾਅਵਾ ਕਰ ਰਹੇ ਹਨ, ਪਰ ਭਾਰਤ ਸਰਕਾਰ ਜੰਗਬੰਦੀ ਵਿੱਚ ਕਿਸੇ ਵੀ ਤੀਜੀ ਧਿਰ ਦੇ ਦਖ਼ਲ ਨੂੰ ਸਿਰੇ ਤੋਂ ਨਕਾਰਦੀ ਰਹੀ ਹੈ।
ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ 2009 ਵਿੱਚ ਦਿੱਤੇ ਗਏ ਨੋਬਲ ਪੁਰਸਕਾਰ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਓਬਾਮਾ ਨੇ ਅਜਿਹਾ ਕੁਝ ਨਹੀਂ ਸੀ ਕੀਤਾ ਜਿਸ ਲਈ ਉਨ੍ਹਾਂ ਨੂੰ ਇਹ ਪੁਰਸਕਾਰ ਮਿਲਦਾ ਅਤੇ ਉਨ੍ਹਾਂ ਨੂੰ ਇੱਕ ਬੁਰਾ ਰਾਸ਼ਟਰਪਤੀ ਕਰਾਰ ਦਿੱਤਾ।
