ਵਿਸ਼ਵ ਕੋਰੋਨਾਵਾਇਰਸ ਦੀ ''ਅਦ੍ਰਿਸ਼ ਫੌਜ'' ਖਿਲਾਫ ਲੜ ਰਿਹੈ ਲੜਾਈ: ਟਰੰਪ

Wednesday, Mar 18, 2020 - 01:55 PM (IST)

ਵਿਸ਼ਵ ਕੋਰੋਨਾਵਾਇਰਸ ਦੀ ''ਅਦ੍ਰਿਸ਼ ਫੌਜ'' ਖਿਲਾਫ ਲੜ ਰਿਹੈ ਲੜਾਈ: ਟਰੰਪ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਖਿਲਾਫ ਲੜਾਈ ਜਿੱਤਣ ਦਾ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਵਿਸ਼ਵ ਕੋਵਿਡ-19 ਦੀ ਇਕ ਅਦ੍ਰਿਸ਼ ਫੌਜ ਦੇ ਖਿਲਾਫ ਜੰਗ ਲੜ ਰਿਹਾ ਹੈ। ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਇਸ ਵਾਇਰਸ ਖਿਲਾਫ ਲੜਾਈ ਵਿਚ ਹਰ ਸੰਸਾਧਨ ਦੀ ਵਰਤੋਂ ਕਰ ਰਿਹਾ ਹੈ। ਅਮਰੀਕਾ ਵਿਚ ਇਸ ਵਾਇਰਸ ਨਾਲ ਅਜੇ ਤੱਕ 105 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਦੁਨੀਆ ਭਰ ਵਿਚ ਤਕਰੀਬਨ 8000 ਦੇ ਕਰੀਬ ਲੋਕ ਆਪਣੀ ਜਾਨ ਗੁਆ ਚੁੱਕੇ ਹਨ।

ਇਸ ਦੌਰਾਨ ਟਰੰਪ ਨੇ ਟਵੀਟ ਕੀਤਾ ਕਿ ਵਿਸ਼ਵ ਇਕ ਲੁਕੇ ਹੋਏ ਦੁਸ਼ਮਣ ਦੇ ਖਿਲਾਫ ਜੰਗ ਲੜ ਰਿਹਾ ਹੈ। ਵਾਈਟ ਹਾਊਸ ਵਿਚ ਪੱਤਰਕਾਰ ਸੰਮੇਲਨ ਵਿਚ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਤੋਂ ਛੁਟਕਾਰਾ ਪਾਉਣਾ ਹੋਵੇਗਾ, ਸਾਨੂੰ ਸਹੀ ਤਰੀਕੇ ਨਾਲ ਜਲਦੀ ਤੋਂ ਜਲਦੀ ਇਹ ਜੰਗ ਜਿੱਤਣੀ ਹੋਵੇਗੀ। ਉਹਨਾਂ ਨੇ ਕਿਹਾ ਕਿ ਸਾਨੂੰ ਹਵਾਈ ਉਦਯੋਗ ਦੀ ਮਦਦ ਕਰਨੀ ਹੋਵੇਗੀ। ਇਹ ਉਹਨਾਂ ਦੀ ਗਲਤੀ ਨਹੀਂ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਾਨੂੰ ਇਸ ਅਦ੍ਰਿਸ਼ ਦੁਸ਼ਮਣ ਦੇ ਖਿਲਾਫ ਲੜਨਾ ਹੋਵੇਗਾ। ਉਹਨਾਂ ਦਾ ਪ੍ਰਸ਼ਾਸਨ ਇਸ ਦੁਸ਼ਮਣ ਨੂੰ ਮਾਤ ਦੇਵੇਗਾ। 

ਉਥੇ ਹੀ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਚੀਨ 'ਤੇ ਦੋਸ਼ ਲਾਇਆ ਕਿ ਉਹ ਕੋਰੋਨਾਵਾਇਰਸ ਦੇ ਸਬੰਧ ਵਿਚ ਆਪਣੀ ਜ਼ਿੰਮੇਦਾਰੀ ਤੋਂ ਧਿਆਨ ਹਟਾਉਣ ਦੇ ਲਈ ਗਲਤ ਮੁਹਿੰਮ ਚਲਾ ਰਿਹਾ ਹੈ। ਪੋਂਪੀਓ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਇਹ ਦੋਸ਼ ਲਾਉਣ ਦਾ ਸਮਾਂ ਨਹੀਂ ਹੈ। ਹੁਣ ਸਮਾਂ ਗਲੋਬਲ ਮਹਾਮਾਰੀ ਨੂੰ ਰੋਕਣ ਤੇ ਦੁਨੀਆਭਰ ਵਿਚ ਇਸ ਨੂੰ ਫੈਲਣ ਤੋਂ ਰੋਕਣ ਦਾ ਹੈ। ਇਸ ਵਿਚਾਲੇ ਟਰੰਪ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਕਿਹਾ। ਟਰੰਪ ਨੇ ਕਿਹਾ ਕਿ ਮੈਂ ਬੱਸ ਇਹ ਕਹਾਂਗਾ ਕਿ ਤੁਸੀਂ ਘਰ ਵਿਚ ਆਪਣਿਆਂ ਦੇ ਨਾਲ ਰਹੋ। ਅਜੇ ਬੱਸ ਸਾਨੂੰ ਇਸ ਸਮੱਸਿਆ ਤੋਂ ਨਿਪਟਣਾ ਹੋਵੇਗਾ ਤੇ ਆਮ ਜ਼ਿੰਦਗੀ ਨੂੰ ਪਟੜੀ 'ਤੇ ਲਿਆਉਣਾ ਹੋਵੇਗਾ।


author

Baljit Singh

Content Editor

Related News