ਟਰੰਪ ਦੀ ਸਿਹਤ ਸਬੰਧੀ ਨਿੱਜੀ ਡਾਕਟਰ ਨੇ ਆਖੀ ਇਹ ਗੱਲ
Tuesday, Nov 19, 2019 - 01:03 PM (IST)

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਿਹਤ ਸਬੰਧੀ ਕਈ ਅਫਵਾਹਾਂ ਉੱਡ ਰਹੀਆਂ ਸਨ, ਜਿਨ੍ਹਾਂ ਨੂੰ ਟਰੰਪ ਦੇ ਨਿੱਜੀ ਡਾਕਟਰ ਨੇ ਦੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਟਰੰਪ ਦੀ ਛਾਤੀ 'ਚ ਦਰਦ ਜਾਂ ਕਿਸੇ ਗੰਭੀਰ ਸਮੱਸਿਆ ਸਬੰਧੀ ਉਨ੍ਹਾਂ ਦਾ ਕੋਈ ਇਲਾਜ ਨਹੀਂ ਕੀਤਾ ਗਿਆ। ਰਾਸ਼ਟਰਪਤੀ ਦੇ ਡਾਕਟਰਾਂ ਨੇ ਇਹ ਕਿਹਾ। ਦੋ ਦਿਨ ਪਹਿਲਾਂ 73 ਸਾਲਾ ਟਰੰਪ ਫੌਜ ਦੇ ਹਸਪਤਾਲ 'ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ' 'ਚ ਸਿਹਤ ਜਾਂਚ ਲਈ ਗਏ ਸਨ। ਸਿਹਤ ਜਾਂਚ ਦਾ ਪ੍ਰੋਗਰਾਮ ਪਹਿਲਾਂ ਤੋਂ ਨਿਰਧਾਰਤ ਨਾ ਹੋਣ ਕਾਰਨ ਕਈ ਤਰ੍ਹਾਂ ਦੀਆਂ ਅਫਵਾਹਾਂ ਉੱਡ ਰਹੀਆਂ ਸਨ।
ਵ੍ਹਾਈਟ ਹਾਊਸ ਨੇ ਸੋਮਵਾਰ ਨੂੰ ਰਾਸ਼ਟਰਪਤੀ ਦੇ ਡਾਕਟਰ ਡਾ. ਸੀਨ ਪੀ ਕੋਨਲੇ ਦੇ ਹਵਾਲੇ ਤੋਂ ਟਰੰਪ ਦੀ ਸਿਹਤ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ 'ਚ ਕਿਹਾ ਗਿਆ ਕਿ ਕੁੱਝ ਅਟਕਲਾਂ ਹਨ ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਰਾਸ਼ਟਰਪਤੀ ਨੂੰ ਛਾਤੀ 'ਚ ਦਰਦ ਵਰਗੀ ਦਿੱਕਤ ਨਹੀਂ ਹੈ ਅਤੇ ਨਾ ਹੀ ਕਿਸੇ ਗੰਭੀਰ ਸਮੱਸਿਆ ਲਈ ਉਨ੍ਹਾਂ ਨੂੰ ਦੇਖਿਆ ਗਿਆ ਜਾਂ ਇਲਾਜ ਕੀਤਾ ਗਿਆ। ਖਾਸ ਤੌਰ 'ਤੇ ਉਨ੍ਹਾਂ ਦੀ ਦਿਲ ਸਬੰਧੀ ਜਾਂ ਨਿਊਰੋਲਾਜੀ ਸਬੰਧੀ ਕੋਈ ਜਾਂਚ ਨਹੀਂ ਕੀਤੀ ਗਈ।''
ਉਨ੍ਹਾਂ ਕਿਹਾ ਕਿ ਟਰੰਪ ਦੀ ਜਾਂਚ ਆਦਿ ਦੀ ਜਾਣਕਾਰੀ ਅਗਲੇ ਸਾਲ ਦੀ ਰਿਪੋਰਟ 'ਚ ਸ਼ਾਮਲ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਦੀ ਇਜਾਜ਼ਤ ਨਾਲ ਉਨ੍ਹਾਂ ਤੋਂ ਸਬੰਧਤ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਇਸ 'ਚ ਉਨ੍ਹਾਂ ਨੇ ਦੱਸਿਆ ਕਿ ਟਰੰਪ ਦਾ ਕੁੱਲ ਕਾਲੋਸਟ੍ਰਾਲ ਲੈਵਲ 165 ਹੈ।