ਭਾਰਤ ਅਤੇ ਚੀਨ ਨੂੰ ਅਮਰੀਕਾ ਦਾ ਸਖ਼ਤ ਸੰਦੇਸ਼-ਟਰੰਪ ਕੋਲ 500 ਫ਼ੀਸਦੀ ਟੈਰਿਫ ਲਾਉਣ ਦਾ ਅਧਿਕਾਰ
Thursday, Jan 22, 2026 - 04:42 PM (IST)
ਵਾਸ਼ਿੰਗਟਨ (ਇੰਟ.)- ਰੂਸ ਤੋਂ ਤੇਲ ਖ਼ਰੀਦਣ ਨੂੰ ਲੈ ਕੇ ਅਮਰੀਕਾ ਨੇ ਇਕ ਵਾਰ ਫਿਰ ਸਖ਼ਤ ਰੁਖ਼ ਅਪਣਾਇਆ ਹੈ। ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਕਿਹਾ ਹੈ ਕਿ ਜੋ ਦੇਸ਼ ਅਜੇ ਵੀ ਰੂਸੀ ਕੱਚਾ ਤੇਲ ਖ਼ਰੀਦ ਰਹੇ ਹਨ, ਉਨ੍ਹਾਂ ’ਤੇ ਅਮਰੀਕਾ 500 ਫ਼ੀਸਦੀ ਤੱਕ ਦਾ ਟੈਰਿਫ ਲਾਉਣ ’ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਦੇ ਇਸ ਬਿਆਨ ਨੂੰ ਭਾਰਤ ਅਤੇ ਚੀਨ ਲਈ ਇਕ ਸਖ਼ਤ ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ। ਬੇਸੈਂਟ ਦਾ ਇਸ਼ਾਰਾ ਅਮਰੀਕੀ ਸੈਨੇਟ ’ਚ ਪੇਸ਼ ਕੀਤੇ ਗਏ ਰੂਸ ਪਾਬੰਦੀ ਬਿੱਲ ਵੱਲ ਸੀ, ਜਿਸ ’ਚ ਰੂਸੀ ਤੇਲ ਖ਼ਰੀਦਣ ਵਾਲੇ ਦੇਸ਼ਾਂ ਤੋਂ ਇੰਪੋਰਟ ਕੀਤੀਆਂ ਵਸਤਾਂ ’ਤੇ 500 ਫ਼ੀਸਦੀ ਟੈਰਿਫ ਲਾਉਣ ਦਾ ਪ੍ਰਸਤਾਵ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਪਹਿਲਾਂ ਹੀ ਇਹ ਅਧਿਕਾਰ ਹੈ ਅਤੇ ਇਸ ਲਈ ਵੱਖਰੇ ਕਾਨੂੰਨ ਦੀ ਲੋੜ ਨਹੀਂ ਹੈ। ਭਾਰਤ ਦਾ ਜ਼ਿਕਰ ਕਰਦਿਆਂ ਬੇਸੈਂਟ ਨੇ ਦਾਅਵਾ ਕੀਤਾ ਕਿ ਯੂਕ੍ਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਭਾਰਤ ਨੇ ਰੂਸੀ ਤੇਲ ਖਰੀਦਣਾ ਵਧਾਇਆ ਸੀ ਪਰ ਟਰੰਪ ਵੱਲੋਂ 25 ਫ਼ੀਸਦੀ ਟੈਰਿਫ ਲਾਏ ਜਾਣ ਤੋਂ ਬਾਅਦ ਭਾਰਤ ਨੇ ਖ਼ਰੀਦ ਘਟਾ ਦਿੱਤੀ ਅਤੇ ਹੁਣ ਰੂਸੀ ਤੇਲ ਲੈਣਾ ਬੰਦ ਕਰ ਦਿੱਤਾ ਹੈ। ਹਾਲਾਂਕਿ, ਭਾਰਤ ਨੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਉਹ ਆਪਣੀਆਂ ਊਰਜਾ ਲੋੜਾਂ ਨਾਲ ਜੁੜੇ ਫ਼ੈਸਲੇ ਰਾਸ਼ਟਰੀ ਹਿੱਤ ਦੇ ਆਧਾਰ ’ਤੇ ਲੈਂਦਾ ਹੈ।
ਰੂਸ ਪਾਬੰਦੀ ਬਿੱਲ ਨੂੰ ਟਰੰਪ ਦੇ ਕਰੀਬੀ ਰਿਪਬਲੀਕਨ ਸੈਨੇਟਰ ਲਿੰਡਸੇ ਗ੍ਰਾਹਮ ਨੇ ਤਿਆਰ ਕੀਤਾ ਹੈ। ਇਸ ਬਿੱਲ ਵਿਚ ਰੂਸ ਤੋਂ ਤੇਲ ਖ਼ਰੀਦਣ ਵਾਲੇ ਦੇਸ਼ਾਂ ’ਤੇ ਭਾਰੀ ਆਰਥਿਕ ਦਬਾਅ ਬਣਾਉਣ ਦੀ ਯੋਜਨਾ ਹੈ। ਬੇਸੈਂਟ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਇੰਟਰਨੈਸ਼ਨਲ ਐਮਰਜੈਂਸੀ ਇਕਨਾਮਿਕ ਪਾਵਰਜ਼ ਐਕਟ ਦੇ ਤਹਿਤ ਸਿੱਧੇ ਤੌਰ ’ਤੇ ਅਜਿਹਾ ਕਦਮ ਚੁੱਕ ਸਕਦੇ ਹਨ, ਹਾਲਾਂਕਿ ਸੈਨੇਟ ਉਨ੍ਹਾਂ ਨੂੰ ਵਾਧੂ ਅਧਿਕਾਰ ਦੇਣਾ ਚਾਹੁੰਦੀ ਹੈ। ਇਸ ਦੌਰਾਨ ਬੇਸੈਂਟ ਨੇ ਯੂਰਪ ਦੀ ਵੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ 4 ਸਾਲਾਂ ਬਾਅਦ ਵੀ ਯੂਰਪੀ ਦੇਸ਼ ਰੂਸੀ ਤੇਲ ਖ਼ਰੀਦ ਰਹੇ ਹਨ ਅਤੇ ਅਸਿੱਧੇ ਤੌਰ ’ਤੇ ਯੂਕ੍ਰੇਨ ਵਿਰੁੱਧ ਚੱਲ ਰਹੀ ਜੰਗ ਨੂੰ ਵਿੱਤੀ ਸਹਾਇਤਾ ਦੇ ਰਹੇ ਹਨ।
