''ਅਮਰੀਕੀਆਂ ਲਈ ਟਰੰਪ ਕੋਲ ਕੁਝ ਵੀ ਨਹੀਂ'', ਸਾਬਕਾ ਰਾਸ਼ਟਰਪਤੀ ''ਤੇ ਵਰ੍ਹੀ ਕਮਲਾ ਹੈਰਿਸ

Friday, Oct 11, 2024 - 03:18 PM (IST)

ਵਾਸ਼ਿੰਗਟਨ : ਅਮਰੀਕਾ 'ਚ ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੇ ਆਪਣੇ ਵਿਰੋਧੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ (ਟਰੰਪ) ਸਿਰਫ ਆਪਣੇ ਬਾਰੇ ਹੀ ਸੋਚਦੇ ਹਨ ਤੇ ਅਮਰੀਕੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਨ੍ਹਾਂ ਕੋਲ ਕੋਈ ਯੋਜਨਾ ਨਹੀਂ ਹੈ। 

ਐਰੀਜ਼ੋਨਾ 'ਚ ਆਪਣੇ ਹਜ਼ਾਰਾਂ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਹੈਰਿਸ ਨੇ ਵੀਰਵਾਰ ਨੂੰ ਕਿਹਾ ਕਿ ਟਰੰਪ ਨੇ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਅਧਿਕਾਰਤ ਤੌਰ 'ਤੇ ਕਿਸੇ ਤਰ੍ਹਾਂ ਦੀ ਬਹਿਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਇਸ ਨੂੰ ਵੋਟਰਾਂ ਨਾਲ ‘ਬੇਇਨਸਾਫ਼ੀ’ ਦੱਸਿਆ। ਹੈਰਿਸ ਨੇ ਕਿਹਾ ਕਿ ਮੈਨੂੰ ਇਹ ਵੀ ਲਗਦਾ ਹੈ ਕਿ ਇਹ ਉਨ੍ਹਾਂ ਦੀ ਤਰਫੋਂ ਬਹੁਤ ਕਮਜ਼ੋਰ ਕਦਮ ਹੈ। ਪਰ ਭਾਵੇਂ ਉਹ ਬਹਿਸ ਨਾ ਕਰਨ, ਇਸ ਚੋਣ ਵਿਚ ਅੰਤਰ ਪਹਿਲਾਂ ਹੀ ਸਪੱਸ਼ਟ ਹੈ ਕਿ ਦੇਸ਼ ਦੇ ਲੋਕਾਂ ਲਈ ਬਹੁਤ ਸਾਰੇ ਮੁੱਦੇ ਮਹੱਤਵਪੂਰਨ ਹਨ, ਪਰ ਟਰੰਪ ਕੋਲ ਉਨ੍ਹਾਂ ਬਾਰੇ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਆਪਣੇ ਦੇਸ਼ ਨੂੰ ਸੁਰੱਖਿਅਤ ਰੱਖਣ ਅਤੇ ਆਪਣੇ ਸੈਨਿਕਾਂ ਦਾ ਸਨਮਾਨ ਕਰਨ ਲਈ ਲੜਾਂਗੇ। ਹੋਰ ਬਹੁਤ ਸਾਰੇ ਮੁੱਦੇ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਮਹੱਤਵਪੂਰਨ ਹਨ... ਪਰ ਅਸੀਂ ਡੋਨਾਲਡ ਟਰੰਪ ਨੂੰ ਇਹ ਕਹਿੰਦੇ ਹੋਏ ਨਹੀਂ ਸੁਣਿਆ। ਅਸੀਂ ਉਨ੍ਹਾਂ ਨੂੰ ਇਨ੍ਹਾਂ ਮੁੱਦਿਆਂ 'ਤੇ ਗੱਲ ਕਰਦੇ ਨਹੀਂ ਸੁਣਇਆ। 

ਅਮਰੀਕੀ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ 'ਤੇ ਗੱਲ ਕਰਨ ਦੀ ਬਜਾਏ ਟਰੰਪ ਕੋਲ ਉਹੀ ਪੁਰਾਣੀਆਂ ਥੱਕੀਆਂ ਚਾਲਾਂ ਹਨ। ਅਮਰੀਕੀ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਸ ਕੋਲ ਕੋਈ ਯੋਜਨਾ ਨਹੀਂ ਹੈ। ਉਸ ਦਾ ਧਿਆਨ ਸਿਰਫ਼ ਆਪਣੇ ਵੱਲ ਹੈ। ਹੈਰਿਸ ਨੇ ਕਿਹਾ ਕਿ ਹੁਣ ਬਦਲਾਅ ਦਾ ਸਮਾਂ ਆ ਗਿਆ ਹੈ ਅਤੇ ਅਮਰੀਕਾ ਨਵੀਂ ਆਸ਼ਾਵਾਦੀ ਲੀਡਰਸ਼ਿਪ ਨੂੰ ਅਪਣਾਉਣ ਲਈ ਤਿਆਰ ਹੈ।


Baljit Singh

Content Editor

Related News