ਜਾਰਜ ਫਲਾਇਡ ਦੀ ਹੱਤਿਆ 'ਚ ਸ਼ਾਮਲ ਚਾਰੋ ਪੁਲਸ ਅਫਸਰਾਂ 'ਤੇ ਪਰਚਾ ਦਰਜ

Thursday, Jun 04, 2020 - 12:29 AM (IST)

ਜਾਰਜ ਫਲਾਇਡ ਦੀ ਹੱਤਿਆ 'ਚ ਸ਼ਾਮਲ ਚਾਰੋ ਪੁਲਸ ਅਫਸਰਾਂ 'ਤੇ ਪਰਚਾ ਦਰਜ

ਵਾਸ਼ਿੰਗਟਨ  (ਏਜੰਸੀ)- ਅਮਰੀਕਾ 'ਚ ਪਿਛਲੇ ਇਕ ਹਫਤੇ ਤੋਂ ਚੱਲ ਰਹੇ ਦੰਗਿਆਂ ਅਤੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਅੱਗੇ ਸਰਕਾਰ ਝੁਕਦੀ ਨਜ਼ਰ ਆ ਰਹੀ ਹੈ। ਦੰਗਿਆਂ ਦਾ ਕਾਰਣ ਬਣੀ ਜਾਰਜ ਫਲਾਇਡ ਦੀ ਹੱਤਿਆ ਦੇ ਮਾਮਲੇ 'ਚ ਸ਼ਾਮਲ ਚਾਰੋ ਪੁਲਸ ਅਫਸਰਾਂ 'ਤੇ ਸੈਕਿੰਡ ਡਿਗਰੀ ਮਰਡਰ ਚਾਰਜ ਲਗਾਉਣ ਦਾ ਹੁਕਮ ਦਿੱਤਾ ਗਿਆ ਹੈ। ਇਹ ਹੁਕਮ ਭਾਰਤੀ ਸਮੇਂ ਅਨੁਸਾਰ ਬੁੱਧਵਾਰ ਦੇਰ ਰਾਤ ਜਾਰੀ ਹੋਏ ਹਨ। ਮਿਨੇਸੋਟਾ ਦੇ ਅਟਾਰਨੀ ਜਨਰਲ ਕੀਥ ਐਲੀਸਨ ਨੇ ਹੱਤਿਆ 'ਚ ਸ਼ਾਮਲ ਡੈਰੇਕ ਸ਼ੋਵਿਨ ਅਤੇ ਉਸ ਦੇ ਨਾਲ ਮੌਜੂਦ 3 ਪੁਲਸ ਅਫਸਰਾਂ ਖਿਲਾਫ ਮਾਮਲਾ ਦਰਜ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਮਿਨੇਸੋਟਾ ਵਿਚ ਇਕ ਗੈਰ-ਗੋਰੇ ਅਮਰੀਕੀ ਜਾਰਜ ਫਲਾਇਡ ਦੀ ਪੁਲਸ ਅਧਿਕਾਰੀ ਵਲੋਂ ਗੋਡੇ ਹੇਠ ਗਰਦਨ ਦੇ ਕੇ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਮਰੀਕਾ ਵਿਚ ਦੰਗੇ ਭੜਕ ਗਏ ਅਤੇ 40 ਸ਼ਹਿਰਾਂ ਵਿਚ ਕਰਫਿਊ ਲਗਾਉਣਾ ਪਿਆ ਸੀ। ਪ੍ਰਦਰਸ਼ਨਕਾਰੀ ਜਾਰਜ ਫਲਾਇਡ ਦੀ ਹੱਤਿਆ ਵਿਚ ਸ਼ਾਮਲ ਚਾਰੋ ਪੁਲਸ ਅਫਸਰਾਂ 'ਤੇ ਫਰਸਟ ਡਿਗਰੀ ਮਰਡਰ ਦੇ ਚਾਰਜ ਲਗਾਉਣ ਦੀ ਮੰਗ ਕਰ ਰਹੇ ਸਨ, ਜਦੋਂ ਕਿ ਸਰਕਾਰ ਨੇ ਜਾਰਜ ਫਲਾਇਡ ਦੀ ਗਰਦਨ ਗੋਡੇ ਹੇਠ ਦੇ ਕੇ ਮਾਰਨ ਵਾਲੇ ਡੈਰੇਕ ਸ਼ੋਵਿਨ ਦੇ ਖਿਲਾਫ ਵੀ ਥਰਡ ਡਿਗਰੀ ਮਰਡਰ ਚਾਰਜ ਲਗਾਏ ਸਨ, ਜਿਸ ਕਾਰਨ ਅਮਰੀਕਾ ਦੀ ਜਨਤਾ ਸੜਕਾਂ 'ਤੇ ਆ ਗਈ ਅਤੇ ਵ੍ਹਾਈਟ ਹਾਊਸ ਤੱਕ ਪਹੁੰਚ ਕੇ ਲੋਕਾਂ ਨੇ ਤੋੜ-ਭੰਨ ਕੀਤੀ ਸੀ ਅਤੇ ਹਿੰਸਕ ਪ੍ਰਦਰਸ਼ਨਾਂ ਦਾ ਇਹ ਸਿਲਸਿਲਾ ਪਿਛਲੇ ਹਫਤੇ ਤੋਂ ਲਗਾਤਾਰ ਜਾਰੀ ਹੈ।

ਮਾਮਲੇ ਨੂੰ ਵੱਧਦਾ ਦੇਖ ਹੁਣ ਆਖਿਰਕਾਰ ਸਰਕਾਰ ਨੇ ਚਾਰੋ ਪੁਲਸ ਅਫਸਰਾਂ ਖਿਲਾਫ ਸੈਕਿੰਡ ਡਿਗਰੀ ਮਰਡਰ ਚਾਰਜ ਲਗਾਏ ਹਨ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਦੀ ਇਸ ਕਾਰਵਾਈ ਨਾਲ ਅਮਰੀਕਾ ਵਿਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ 'ਤੇ ਠੱਲ੍ਹ ਪੈਂਦੀ ਹੈ ਜਾਂ ਨਹੀਂ। 


author

Sunny Mehra

Content Editor

Related News