ਕੋਰੋਨਾ ਵਾਇਰਸ ਕਾਰਨ ਟਰੰਪ ਨੇ ਯੂਰਪ 'ਤੇ ਲਾਈ ਯਾਤਰਾ ਪਾਬੰਦੀ

Thursday, Mar 12, 2020 - 08:32 AM (IST)

ਵਾਸ਼ਿੰਗਟਨ— ਯੂ. ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਰਪ 'ਤੇ ਇਕ ਮਹੀਨੇ ਲਈ ਯਾਤਰਾ ਪਾਬੰਦੀ ਲਗਾ ਦਿੱਤੀ ਹੈ, ਯਾਨੀ ਕੋਈ ਵੀ ਯੂਰਪੀ ਨਾਗਰਿਕ ਇਸ ਦੌਰਾਨ ਅਮਰੀਕਾ 'ਚ ਘੁੰਮਣ ਲਈ ਨਹੀਂ ਆ ਸਕੇਗਾ। ਕੋਰੋਨਾ ਵਾਇਰਸ ਦੇ ਫੈਲਣ ਦੇ ਡਰ ਤੋਂ ਟਰੰਪ ਨੇ ਯੂਰਪ ਦੀਆਂ ਸਾਰੀਆਂ ਯਾਤਰਾਵਾਂ ਅਗਲੇ 30 ਦਿਨਾਂ ਲਈ ਮੁਅੱਤਲ ਕਰ ਦਿੱਤੀਆਂ ਹਨ। ਇਹ ਪਾਬੰਦੀ ਸ਼ੁੱਕਰਵਾਰ ਅੱਧੀ ਰਾਤ ਤੋਂ ਲਾਗੂ ਹੋ ਜਾਵੇਗੀ।


ਟਰੰਪ ਨੇ ਕਿਹਾ ਕਿ ਇਹ ਬ੍ਰਿਟੇਨ 'ਤੇ ਲਾਗੂ ਨਹੀਂ ਹੋਵੇਗੀ, ਜਿੱਥੇ ਹੁਣ ਤਕ ਇਸ ਵਾਇਰਸ ਦੇ 460 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਅਮਰੀਕਾ ਵੀ ਇਸ ਵਾਇਰਸ ਤੋਂ ਨਹੀਂ ਬਚ ਸਕਿਆ ਤੇ ਇੱਥੇ ਹੁਣ ਤਕ 38 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ 'ਚ ਕੋਰੋਨਾ ਵਾਇਰਸ ਦੇ 1,135 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।
ਟਰੰਪ ਨੇ ਟਵੀਟ ਕੀਤਾ,'ਮੀਡੀਆ ਨੂੰ ਇਸ ਨੂੰ ਏਕਤਾ ਅਤੇ ਤਾਕਤ ਦੇ ਸਮੇਂ ਦੇ ਰੂਪ 'ਚ ਦੇਖਣਾ ਚਾਹੀਦਾ ਹੈ। ਸਾਡੇ ਕੋਲ ਇਕ ਆਮ ਦੁਸ਼ਮਣ ਹੈ, ਦੁਨੀਆ ਦਾ ਦੁਸ਼ਮਣ ਕੋਰੋਨਾ ਵਾਇਰਸ। ਅਸੀਂ ਇਸ ਨੂੰ ਜਲਦੀ ਅਤੇ ਸੁਰੱਖਿਅਤ ਰੂਪ ਨਾਲ ਹਰਾਉਣਾ ਚਾਹੁੰਦੇ ਹਾਂ। ਅਮਰੀਕੀ ਨਾਗਰਿਕਾਂ ਦੇ ਜੀਵਨ ਅਤੇ ਸੁਰੱਖਿਆ ਤੋਂ ਜ਼ਿਆਦਾ ਮਹੱਤਵਪੂਰਣ ਮੇਰੇ ਲਈ ਕੁਝ ਵੀ ਨਹੀਂ ਹੈ।''

ਜ਼ਿਕਰਯੋਗ ਹੈ ਕਿ ਅਮਰੀਕਾ ਨੇ ਕੋਰੋਨਾ ਵਾਇਰਸ ਦੇ ਚੱਲਦਿਆਂ ਰੂਸ ਦੇ ਪੀਟਰਸਬਰਗ 'ਚ ਇਸ ਮਹੀਨੇ ਦੀ 24-25 ਨੂੰ ਹੋਣ ਵਾਲੀ ਜੀ-7 ਦੇਸ਼ਾਂ ਦੇ ਮੰਤਰੀਆਂ ਦੀ ਬੈਠਕ ਦਾ ਤਰੀਕਾ ਬਦਲਣ ਦੀ ਘੋਸ਼ਣਾ ਕੀਤੀ ਹੈ। ਇਹ ਬੈਠਕ ਹੁਣ ਵੀਡੀਓ ਕਾਨਫਰੰਸ ਰਾਹੀਂ ਹੋਵੇਗੀ। ਉੱਥੇ ਹੀ ਲਾਸ ਏਂਜਲਸ 'ਚ ਇਸ ਸਾਲ ਜੂਨ 'ਚ ਹੋਣ ਵਾਲੀ ਈ-3 ਐਕਸਪੋ (ਇੰਟਰਟੇਨਮੈਂਟ ਇਲੈਕਟ੍ਰੋਨਿਕ ਪ੍ਰਦਰਸ਼ਨੀ) ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।


Related News