ਟਰੰਪ ਵੱਲੋਂ ਚਾਰਲੀ ਕਰਕ ਨੂੰ ਅਮਰੀਕਾ ਦਾ ਸਭ ਤੋਂ ਵੱਡਾ ਸਨਮਾਨ ਦੇਣ ਦਾ ਐਲਾਨ
Friday, Sep 12, 2025 - 12:14 AM (IST)

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕ ਅਤੇ ਸੱਜੇ-ਪੱਖੀ ਐਕਟੀਵਿਸਟ ਚਾਰਲੀ ਕਰਕ ਦਾ ਵੀਰਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਯੂਟਾ ਸੂਬੇ ਦੀ ਯੂਟਾ ਵੈਲੀ ਯੂਨੀਵਰਸਿਟੀ ’ਚ ਵਾਪਰੀ।
ਚਾਰਲੀ ਇਥੇ ‘ਦ ਅਮੈਰੀਕਨ ਕਮਬੈਕ ਟੂਰ’ ਪ੍ਰੋਗਰਾਮ ਲਈ ਆਇਆ ਸੀ। ਹੁਣ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਚਾਰਲੀ ਕਰਕ ਨੂੰ ਮਰਨ ਉਪਰੰਤ ਅਮਰੀਕਾ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ‘ਪ੍ਰੈਜ਼ੀਡੈਂਸ਼ੀਅਲ ਮੈਡਲ ਆਫ਼ ਫ੍ਰੀਡਮ’ ਦੇਣਗੇ।
ਚਾਰਲੀ ਦੇ ਕਤਲ ’ਤੇ ਟਰੰਪ ਨੇ ਸੋਸ਼ਲ ਮੀਡੀਆ ‘ਟਰੂਥ ਸੋਸ਼ਲ’ ’ਤੇ ਲਿਖਿਆ ਕਿ ਸੱਚੇ ਮਹਾਨ ਅਮਰੀਕੀ ਦੇਸ਼ਭਗਤ ਚਾਰਲੀ ਕਰਕ ਦੇ ਸਨਮਾਨ ’ਚ ਮੈਂ ਐਤਵਾਰ ਸ਼ਾਮ 6 ਵਜੇ ਤੱਕ ਪੂਰੇ ਅਮਰੀਕਾ ਦੇ ਸਾਰੇ ਝੰਡੇ ਅੱਧੇ ਝੁਕਾਏ ਰੱਖਣ ਦਾ ਨਿਰਦੇਸ਼ ਦੇ ਰਿਹਾ ਹਾਂ।
ਸਿਆਸੀ ਐਕਟੀਵਿਸਟ ਚਾਰਲੀ ‘ਟਰਨਿੰਗ ਪੁਆਇੰਟ ਯੂ. ਐੱਸ. ਏ.’ ਨਾਂ ਦੀ ਇਕ ਸੰਸਥਾ ਚਲਾਉਂਦਾ ਸੀ, ਜਿਸ ਵਿਚ ਉਹ ਸਕੂਲਾਂ ਅਤੇ ਕਾਲਜਾਂ ’ਚ ਜਾਂਦਾ ਸੀ ਅਤੇ ਵਿਦਿਆਰਥੀਆਂ ਨੂੰ ਰਾਜਨੀਤੀ ਬਾਰੇ ਦੱਸਦਾ ਸੀ। ਚਾਰਲੀ ਨੂੰ ਟਰੰਪ ਦਾ ਕੱਟੜ ਸਮਰਥਕ ਮੰਨਿਆ ਜਾਂਦਾ ਸੀ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਹਮਲਾਵਰ ਕੌਣ ਸੀ ਅਤੇ ਉਸ ਨੇ ਅਜਿਹਾ ਕਿਉਂ ਕੀਤਾ।
ਮੌਕੇ ’ਤੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਚਾਰਲੀ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਗਈ, ਜਦੋਂ ਉਹ ਸਮੂਹਿਕ ਗੋਲੀਬਾਰੀ (ਮਾਸ ਸ਼ੂਟਿੰਗ) ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਰਿਹਾ ਸੀ।