ਟ੍ਰੰਪ ਨੇ ਮੰਨੀ ਸੀ ਰੂਸ ਦੀ ਪੇਸ਼ਕਸ਼, ਕੋਹੇਨ ਦਾ ਦਾਅਵਾ
Friday, Jul 27, 2018 - 03:18 PM (IST)

ਵਾਸ਼ਿੰਗਟਨ (ਏ.ਐਫ.ਪੀ.)- ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰੂਸ ਦੀ ਦਖਲਅੰਦਾਜ਼ੀ ਦੇ ਮਾਮਲੇ ਵਿਚ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਅਮਰੀਕੀ ਮੀਡੀਆ ਦਾ ਕਹਿਣਾ ਹੈ ਕਿ ਟਰੰਪ ਦੇ ਨਿੱਜੀ ਵਕੀਲ ਰਹੇ ਮਾਈਕਲ ਕੋਹੇਨ ਨੇ ਦਾਅਵਾ ਕੀਤਾ ਹੈ ਕਿ ਜੂਨ 2016 ਦੀ ਮੀਟਿੰਗ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਰੂਸ ਦੀ ਦਖਲਅੰਦਾਜ਼ੀ ਬਾਰੇ ਜਾਣਦੇ ਸਨ, ਜਿਸ ਵਿਚ ਰੂਸ ਵਲੋਂ ਉਸ ਸਮੇਂ ਚੋਣ ਵਿਰੋਧੀ ਹਿਲੇਰੀ ਕਲਿੰਟਨ 'ਤੇ ਗੰਦਗੀ ਉਛਾਲਣ ਦੀ ਉਮੀਦ ਸੀ।
ਟਰੰਪ ਦੇ ਜਵਾਈ ਜੇਰੇਡ ਕੁਸ਼ਨਰ, ਬੇਟੇ ਡੋਨਾਲਡ ਜੂਨੀਅਰ ਅਤੇ ਟਰੰਪ ਦੀ ਚੋਣ ਮੁਹਿੰਮ ਦੇ ਸਾਬਕਾ ਚੇਅਰਮੈਨ ਪਾਲ ਮੈਨਫੋਰਟ 9 ਜੂਨ 2016 ਨੂੰ ਰੂਸੀ ਵਕੀਲ ਨਤਾਲੀਆ ਵੇਸੇਲਨਿਤਸਕਾਇਆ ਨਾਲ ਨਿਊਯਾਰਕ ਦੇ ਟਰੰਪ ਟਾਵਰ ਵਿਚ ਮਿਲੇ ਸਨ, ਜੋ ਰੂਸ ਦੀ ਸਰਕਾਰ ਨੂੰ ਹਰ ਇਕ ਚੀਜ਼ ਦੀ ਜਾਣਕਾਰੀ ਦੇ ਰਹੇ ਸਨ। ਹਾਲਾਂਕਿ ਟਰੰਪ, ਉਨ੍ਹਾਂ ਦੇ ਪੁੱਤਰ, ਉਨ੍ਹਾਂ ਦੇ ਵਕੀਲਾਂ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵਾਰ-ਵਾਰ ਕਿਹਾ ਹੈ ਕਿ ਉਨ੍ਹਾਂ ਨੂੰ ਜੁਲਾਈ 2017 ਵਿਚ ਇਸ ਖਬਰ ਦੇ ਸਾਹਮਣੇ ਆਉਣ ਤੋਂ ਪਹਿਲਾਂ ਇਸ ਬਾਰੇ ਕੁਝ ਨਹੀਂ ਪਤਾ ਸੀ।
ਪਰ ਖਬਰਾਂ ਮੁਤਾਬਕ ਟਰੰਪ ਦੇ ਸਾਬਕਾ ਵਕੀਲ ਮਾਈਕਲ ਕੋਹੇਨ ਦਾ ਦਾਅਵਾ ਹੈ ਕਿ ਉਹ ਮੌਜੂਦ ਸਨ ਜਦੋਂ ਡੋਨਾਲਡ ਜੂਨੀਅਰ ਨੇ ਆਪਣੇ ਪਿਤਾ ਨੂੰ ਰੂਸ ਦੇ ਪ੍ਰਸਤਾਵ ਬਾਰੇ ਦੱਸਿਆ ਅਤੇ ਟਰੰਪ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ। ਹਾਲਾਂਕਿ, ਸੂਤਰਾਂ ਨੇ ਦੱਸਿਆ ਕਿ ਆਪਣਾ ਪੱਖ ਸਿੱਧ ਕਰ ਲਈ ਕੋਹੇਨ ਕੋਲ ਆਡੀਓ ਰਿਕਾਰਡਿੰਗ ਵਰਗੇ ਸਬੂਤਾਂ ਦੀ ਕਮੀ ਹੈ।
ਸੂਤਰਾਂ ਮੁਤਾਬਕ ਕੋਹੇਨ ਵਿਸ਼ੇਸ਼ ਵਕੀਲ ਰਾਬਰਟ ਮਿਊਲਰ ਨੂੰ ਆਪਣੇ ਦਾਅਵੇ 'ਤੇ ਜ਼ੋਰ ਦੇਣ ਦੇ ਇੱਛੁਕ ਹਨ। ਦੱਸ ਦਈਏ ਕਿ ਮਿਊਲਰ 2016 ਦੇ ਰਾਸ਼ਟਰਪਤੀ ਚੋਣਾਂ ਵਿਚ ਰੂਸੀ ਦਖਲ ਦੀ ਜਾਂਚ ਕਰ ਰਹੇ ਹਨ ਅਤੇ ਟਰੰਪ ਦੀ ਮੁਹਿੰਮ ਨਾਲ ਇਸ ਦੇ ਕਨੈਕਸ਼ਨ ਦਾ ਪਤਾ ਲਗਾ ਰਹੇ ਹਨ। ਮਿਊਲਰ ਨੇ ਡੈਮੋਕ੍ਰੇਟਿਕ ਪਾਰਟੀ ਦੇ ਕੰਪਿਊਟਰ ਨੈਟਵਰਕ ਹੈਕਿੰਗ ਲਈ 12 ਰੂਸੀ ਖੁਫੀਆ ਏਜੰਟਾਂ ਸਣੇ 31 ਲੋਕਾਂ ਨੂੰ ਪਹਿਲਾਂ ਤੋਂ ਹੀ ਦੋਸ਼ੀ ਕਰਾਰ ਦਿੱਤਾ ਗਿਆ ਹੈ।