ਟਰੰਪ ਨੇ ਫਿਰ ਲਿਆ ਭਾਰਤ-ਪਾਕਿ ਟਕਰਾਅ ਨੂੰ ਰੋਕਣ ਦਾ ਸਿਹਰਾ ਆਪਣੇ ਸਿਰ
Tuesday, Jul 15, 2025 - 03:01 AM (IST)

ਨਿਊਯਾਰਕ/ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਆਪਣਾ ਦਾਅਵਾ ਦੁਹਰਾਇਆ ਕਿ ਉਨ੍ਹਾਂ ਨੇ ਵਪਾਰ ਰਾਹੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਉਸ ਟਕਰਾਅ ਨੂੰ ਰੁਕਵਾਇਆ ਜੋ ਪ੍ਰਮਾਣੂ ਯੁੱਧ ਵਿਚ ਬਦਲ ਸਕਦਾ ਸੀ।
ਟਰੰਪ ਨੇ ਅਮਰੀਕੀ ਰਾਸ਼ਟਰਪਤੀ ਦੇ ਰਸਮੀ ਕਾਰਜ ਸਥਾਨ ਓਵਲ ਦਫ਼ਤਰ ਵਿਚ ਨਾਰਥ ਐਟਲਾਂਟਿਕ ਟਰਿਟੀ ਆਰਗੇਨਾਈਜ਼ੇਸ਼ਨ (ਨਾਟੋ) ਦੇ ਸਕੱਤਰ ਜਨਰਲ ਮਾਰਕ ਰੂਟੇ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਅਸੀਂ ਜੰਗਾਂ ਦੌਰਾਨ ਹੱਲ ਕੱਢਣ ਵਿਚ ਬਹੁਤ ਸਫਲ ਰਹੇ ਹਾਂ। ਤੁਹਾਡੇ ਕੋਲ ਭਾਰਤ ਤੇ ਪਾਕਿਸਤਾਨ ਦੀ ਉਦਾਹਰਣ ਹੈ। ਤੁਹਾਡੇ ਕੋਲ ਰਵਾਂਡਾ ਅਤੇ ਕਾਂਗੋ ਦੇ ਯੁੱਧ ਦੀ ਉਦਾਹਰਣ ਹੈ, ਜੋ 30 ਸਾਲ ਚੱਲਿਆ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਰਤ ਅਤੇ ਪਾਕਿਸਤਾਨ ਅੱਗੇ ਵਧੇ ਰਹੇ ਸਨ, ਅਗਲੇ ਇਕ ਹਫ਼ਤੇ ਵਿਚ ਹੀ ਉਨ੍ਹਾਂ ਵਿਚ ਪ੍ਰਮਾਣੂ ਯੁੱਧ ਸ਼ੁਰੂ ਹੋ ਜਾਣਾ ਸੀ ਪਰ ਅਸੀਂ ਵਪਾਰ ਰਾਹੀਂ ਇਹ ਮੁੱਦਾ ਹੱਲ ਕੀਤਾ।