ਟਰੰਪ ਪ੍ਰਸ਼ਾਸਨ ਨਸ਼ੀਲੇ ਪਦਾਰਥਾਂ ਦੇ ਗਿਰੋਹਾਂ ਨੂੰ ਵਿਦੇਸ਼ੀ ਅੱਤਵਾਦੀ ਸੰਗਠਨਾਂ ਵਜੋਂ ਕਰੇਗਾ ਨਾਮਜ਼ਦ

Tuesday, Jan 21, 2025 - 04:53 PM (IST)

ਟਰੰਪ ਪ੍ਰਸ਼ਾਸਨ ਨਸ਼ੀਲੇ ਪਦਾਰਥਾਂ ਦੇ ਗਿਰੋਹਾਂ ਨੂੰ ਵਿਦੇਸ਼ੀ ਅੱਤਵਾਦੀ ਸੰਗਠਨਾਂ ਵਜੋਂ ਕਰੇਗਾ ਨਾਮਜ਼ਦ

ਮੈਕਸੀਕੋ ਸਿਟੀ (ਏਪੀ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕੀਤੇ ਹਨ ਜਿਸ ਵਿੱਚ ਕਿਹਾ ਗਿਆ ਹੈ ਕਿ ਸੰਯੁਕਤ ਰਾਜ ਅਮਰੀਕਾ ਡਰੱਗ ਗਿਰੋਹਾਂ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨ ਕਰੇਗਾ। ਅਮਰੀਕਾ ਦਾ ਇਹ ਕਦਮ ਸਰਹੱਦ ਅਤੇ ਲਾਤੀਨੀ ਅਮਰੀਕਾ ਲਈ ਆਪਣੇ ਫੌਜੀ ਏਜੰਡੇ ਨੂੰ ਅੱਗੇ ਵਧਾਏਗਾ। ਇਹ ਆਰਡਰ ਮੈਕਸੀਕਨ ਡਰੱਗ ਗੈਂਗਾਂ ਅਤੇ ਹੋਰ ਲਾਤੀਨੀ ਅਮਰੀਕੀ ਅਪਰਾਧਿਕ ਸਮੂਹਾਂ, ਜਿਵੇਂ ਕਿ ਵੈਨੇਜ਼ੁਏਲਾ ਦੇ ਗੈਂਗ ਟ੍ਰੇਨ ਡੀ ਅਰਾਗੁਆ ਅਤੇ ਸਲਵਾਡੋਰਨ ਗੈਂਗ ਮਾਰਾ ਸਲਵਾਤਰੂਚਾ (ਐਮਐਸ-13) 'ਤੇ ਕੇਂਦ੍ਰਿਤ ਹੈ। 

ਹੁਕਮ ਅਨੁਸਾਰ ਡਰੱਗ ਗਿਰੋਹ "ਅਮਰੀਕੀ ਲੋਕਾਂ ਦੀ ਸੁਰੱਖਿਆ, ਸੰਯੁਕਤ ਰਾਜ ਅਮਰੀਕਾ ਦੀ ਸੁਰੱਖਿਆ ਅਤੇ ਪੱਛਮੀ ਗੋਲਿਸਫਾਇਰ ਵਿੱਚ ਅੰਤਰਰਾਸ਼ਟਰੀ ਵਿਵਸਥਾ ਦੀ ਸਥਿਰਤਾ ਨੂੰ ਖ਼ਤਰਾ ਪੈਦਾ ਕਰਦੇ ਹਨ।" ਹਾਲਾਂਕਿ ਇਸ ਹੁਕਮ ਵਿੱਚ ਅਜਿਹੇ ਸਮੂਹਾਂ ਦੇ ਨਾਵਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ, ਪਰ ਕੈਬਨਿਟ ਸਕੱਤਰ ਅਗਲੇ 14 ਦਿਨਾਂ ਵਿੱਚ ਸਿਫਾਰਸ਼ ਕਰਨਗੇ ਕਿ ਕਿਹੜੇ ਸਮੂਹਾਂ/ਗੈਂਗਾਂ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ। ਇਹ ਸੋਮਵਾਰ ਨੂੰ ਆਪਣੇ ਪ੍ਰਸ਼ਾਸਨ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਟਰੰਪ ਦੁਆਰਾ ਦਸਤਖ਼ਤ ਕੀਤੇ ਗਏ ਕੁਝ ਹੁਕਮਾਂ ਵਿੱਚੋਂ ਇੱਕ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ,"ਇਨ੍ਹਾਂ ਗਿਰੋਹਾਂ ਨੇ ਪੱਛਮੀ ਗੋਲਿਸਫਾਇਰ ਵਿੱਚ ਹਿੰਸਾ ਅਤੇ ਦਹਿਸ਼ਤ ਦੀਆਂ ਮੁਹਿੰਮਾਂ ਚਲਾਈਆਂ ਹਨ ਜਿਨ੍ਹਾਂ ਨੇ ਨਾ ਸਿਰਫ਼ ਸਾਡੇ ਰਾਸ਼ਟਰੀ ਹਿੱਤਾਂ ਲਈ ਮਹੱਤਵਪੂਰਨ ਦੇਸ਼ਾਂ ਨੂੰ ਅਸਥਿਰ ਕੀਤਾ ਹੈ, ਸਗੋਂ ਸੰਯੁਕਤ ਰਾਜ ਅਮਰੀਕਾ ਵਿੱਚ ਘਾਤਕ ਨਸ਼ੀਲੇ ਪਦਾਰਥਾਂ, ਹਿੰਸਕ ਅਪਰਾਧੀਆਂ ਅਤੇ ਖਤਰਨਾਕ ਅੱਤਵਾਦੀਆਂ ਦੀ ਬੇਮਿਸਾਲ ਸਪਲਾਈ ਵੀ ਕੀਤੀ ਹੈ।"  

ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਨੇ Birthright Citizenship ਕੀਤੀ ਖ਼ਤਮ, ਜਾਣੋ ਭਾਰਤੀਆਂ 'ਤੇ ਕੀ ਪਵੇਗਾ ਅਸਰ

ਇਹ ਸਪੱਸ਼ਟ ਨਹੀਂ ਹੈ ਕਿ ਇਸ ਹੁਕਮ ਦਾ ਇਨ੍ਹਾਂ ਗਿਰੋਹਾਂ ਨਾਲ ਲੜਨ 'ਤੇ ਕੀ ਪ੍ਰਭਾਵ ਪਵੇਗਾ, ਪਰ ਚਿੰਤਾਵਾਂ ਹਨ ਕਿ ਇਹ ਹੋਰ ਤਰੀਕਿਆਂ ਨਾਲ ਉਨ੍ਹਾਂ ਦੇਸ਼ਾਂ ਦੇ ਲੋਕਾਂ ਲਈ ਅਮਰੀਕਾ ਆਉਣਾ ਮੁਸ਼ਕਲ ਬਣਾ ਸਕਦਾ ਹੈ ਜਿੱਥੇ ਇਹ ਗਿਰੋਹ ਮੌਜੂਦ ਹਨ ਅਤੇ ਸਮੂਹ ਵਿਚ ਕੰਮ ਕਰਦੇ ਹਨ। ਇਹ ਅਮਰੀਕਾ ਦੀ ਦੱਖਣੀ ਸਰਹੱਦ 'ਤੇ ਐਲਾਨੀ ਗਈ ਐਮਰਜੈਂਸੀ ਤੋਂ ਇਲਾਵਾ ਹੈ। ਟਰੰਪ ਪ੍ਰਸ਼ਾਸਨ ਨੇ 1 ਫਰਵਰੀ ਨੂੰ ਮੈਕਸੀਕੋ ਅਤੇ ਕੈਨੇਡਾ 'ਤੇ 25 ਪ੍ਰਤੀਸ਼ਤ ਟੈਰਿਫ ਲਗਾਉਣ ਅਤੇ ਸੀਬੀਪੀ ਵਨ ਐਪ ਦੀ ਵਰਤੋਂ ਖ਼ਤਮ ਕਰਨ ਦਾ ਵਾਅਦਾ ਕੀਤਾ ਹੈ। ਇਸ ਐਪ ਨੇ ਪ੍ਰਵਾਸੀਆਂ ਨੂੰ ਸਰਹੱਦ 'ਤੇ ਪਹੁੰਚਣ ਤੋਂ ਪਹਿਲਾਂ ਸ਼ਰਣ ਲਈ ਅਰਜ਼ੀ ਦੇਣ ਦੀ ਆਗਿਆ ਦਿੱਤੀ। ਟਰੰਪ ਨੇ ਇਨ੍ਹਾਂ ਗਿਰੋਹਾਂ ਨਾਲ ਲੜਨ ਲਈ ਵੱਡੇ ਪੱਧਰ 'ਤੇ ਦੇਸ਼ ਨਿਕਾਲੇ ਦਾ ਵਾਅਦਾ ਕੀਤਾ ਹੈ ਅਤੇ ਮੈਕਸੀਕੋ ਵਿੱਚ ਫੌਜੀ ਦਖਲਅੰਦਾਜ਼ੀ ਦੀ ਧਮਕੀ ਦਿੱਤੀ ਹੈ, ਜਿਸ ਨੂੰ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਤਿੱਖੀ ਤੌਰ 'ਤੇ ਰੱਦ ਕਰ ਦਿੱਤਾ ਹੈ। ਕਈਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਅੱਤਵਾਦੀ ਨਾਮਜ਼ਦਗੀ ਅਮਰੀਕਾ ਨੂੰ ਇਨ੍ਹਾਂ ਗਿਰੋਹਾਂ ਵਿਰੁੱਧ ਫੌਜੀ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਜਾਇਜ਼ ਠਹਿਰਾਉਣ ਲਈ ਪ੍ਰੇਰਿਤ ਕਰ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News