ਟਰੰਪ ਦੇ ਸਾਬਕਾ ਸਲਾਹਕਾਰ ਰੋਜਰ ਸਟੋਨ ਅਤੇ ਉਸਦੀ ਪਤਨੀ ਵਿਰੁੱਧ ਟੈਕਸ ਮਾਮਲੇ ''ਚ ਮੁਕੱਦਮਾ ਦਰਜ

Monday, Apr 19, 2021 - 06:59 PM (IST)

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਫਲੋਰੀਡਾ ਵਿਚ ਫੈਡਰਲ ਵਕੀਲਾਂ ਨੇ ਡੋਨਾਲਡ ਟਰੰਪ ਦੇ ਸਾਬਕਾ ਮੁਹਿੰਮ ਸਲਾਹਕਾਰ ਰੋਜਰ ਸਟੋਨ ਵਿਰੁੱਧ ਸ਼ੁੱਕਰਵਾਰ ਨੂੰ ਇਕ ਸਿਵਲ ਮੁਕੱਦਮਾ ਦਾਇਰ ਕੀਤਾ ਹੈ, ਜਿਸ ਵਿਚ ਸਟੋਨ ਅਤੇ ਉਸ ਦੀ ਪਤਨੀ ਨਾਦਿਆ 'ਤੇ ਦੋਸ਼ ਲਾਇਆ ਗਿਆ ਹੈ ਕਿ ਉਹ ਸਰਕਾਰ ਨੂੰ ਆਮਦਨ ਟੈਕਸ, ਜ਼ੁਰਮਾਨੇ ਅਤੇ ਵਿਆਜ ਵਿਚ ਤਕਰੀਬਨ 20 ਲੱਖ ਡਾਲਰ ਅਦਾ ਕਰਨ 'ਚ ਅਸਫ਼ਲ ਰਹੇ ਹਨ। ਇਸ ਸੰਬੰਧੀ ਸਰਕਾਰੀ ਵਕੀਲ ਨੇ ਦੋਸ਼ ਲਾਇਆ ਕਿ ਸਟੋਨ ਅਤੇ ਉਸ ਦੀ ਪਤਨੀ ਦਾ ਸਾਲ 2007 ਤੋਂ 2011 ਦੇ ਸਾਲਾਂ ਦੌਰਾਨ ਆਮਦਨ ਟੈਕਸ, ਜ਼ੁਰਮਾਨੇ ਅਤੇ ਵਿਆਜ ਵਿਚ 1,590,361.89 ਡਾਲਰ ਦਾ ਬਕਾਇਆ ਹੈ, ਅਤੇ ਸਟੋਨ ਉੱਤੇ 407,036.84 ਡਾਲਰ ਦਾ ਆਮਦਨ ਟੈਕਸ, ਜ਼ੁਰਮਾਨੇ ਅਤੇ 2018 ਟੈਕਸ ਸਾਲ ਲਈ ਵਿਆਜ ਬਾਕੀ ਹੈ।

ਮੁਕੱਦਮਾ ਦਾਅਵਾ ਕਰਦਾ ਹੈ ਕਿ ਸਟੋਨ ਨੇ 2017 ਵਿਚ ਆਈ. ਆਰ. ਐਸ. ਨਾਲ ਇਕ ਕਿਸ਼ਤ ਸਮਝੌਤਾ ਕੀਤਾ ਸੀ ਜਿਸ ਵਿਚ ਉਸ ਨੂੰ ਟੈਕਸ ਬਿੱਲਾਂ ਲਈ 19,485 ਡਾਲਰ ਪ੍ਰਤੀ ਮਹੀਨਾ ਅਦਾ ਕਰਨੇ ਪੈਂਦੇ ਸਨ। ਨਵੰਬਰ, 2019 ਵਿਚ ਸਟੋਨ ਨੂੰ ਕਾਂਗਰਸ ਨਾਲ ਝੂਠ ਬੋਲਣ, ਗਵਾਹਾਂ ਨਾਲ ਛੇੜਛਾੜ ਕਰਨ ਅਤੇ ਸਾਬਕਾ ਵਿਸ਼ੇਸ਼ ਸਲਾਹਕਾਰ ਰਾਬਰਟ ਮਯੂਲਰ ਦੀ ਜਾਂਚ ਵਿਚ ਰੁਕਾਵਟ ਨਾਲ ਜੁੜੇ ਸੱਤ ਦੋਸ਼ਾਂ ਦਾ ਦੋਸ਼ੀ ਪਾਇਆ ਗਿਆ ਸੀ। ਉਸ ਨੂੰ ਸਿਰਫ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ, ਪਰ ਸਾਬਕਾ ਰਾਸ਼ਟਰਪਤੀ ਟਰੰਪ ਨੇ ਉਸਦੀ ਸਜਾ ਬਦਲਦੇ ਹੋਏ, ਸਟੋਨ ਨੂੰ ਪੂਰਨ ਮਾਫੀ ਦਿੱਤੀ।


cherry

Content Editor

Related News