ਟਰੂਡੋ ਦਾ ਵੱਡਾ ਕਦਮ, ਰੂਸੀ ਵਿੱਤੀ ਖੇਤਰ 'ਤੇ ਲਗਾਈਆਂ ਨਵੀਆਂ ਪਾਬੰਦੀਆਂ

Wednesday, Jun 01, 2022 - 11:31 AM (IST)

ਟਰੂਡੋ ਦਾ ਵੱਡਾ ਕਦਮ, ਰੂਸੀ ਵਿੱਤੀ ਖੇਤਰ 'ਤੇ ਲਗਾਈਆਂ ਨਵੀਆਂ ਪਾਬੰਦੀਆਂ

ਓਟਾਵਾ (ਏਐਨਆਈ): ਰੂਸ-ਯੂਕ੍ਰੇਨ ਵਿਚਾਲੇ ਜਾਰੀ ਯੁੱਧ ਨੂੰ 90 ਤੋਂ ਵੱਧ ਦਿਨ ਬੀਤ ਚੁੱਕੇ ਹਨ ਪਰ ਹੁਣ ਤੱਕ ਦੋਵਾਂ ਦੇਸ਼ਾਂ ਵਿਚਾਲੇ ਕੋਈ ਸਮਝੌਤਾ ਨਹੀਂ ਹੋਇਆ ਹੈ। ਦੁਨੀਆ ਦੇ ਕਈ ਦੇਸ਼ ਰੂਸ 'ਤੇ ਲਗਾਤਾਰ ਪਾਬੰਦੀਆਂ ਲਗਾ ਰਹੇ ਹਨ। ਇਸ ਦੌਰਾਨ ਕੈਨੇਡਾ ਨੇ ਰੂਸ 'ਤੇ ਇਕ ਹੋਰ ਪਾਬੰਦੀ ਲਗਾ ਦਿੱਤੀ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਕੈਨੇਡਾ ਰੂਸ ਦੇ ਵਿੱਤੀ ਖੇਤਰ 'ਤੇ ਨਵੀਆਂ ਪਾਬੰਦੀਆਂ ਲਗਾ ਰਿਹਾ ਹੈ।ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਮੇਲਾਨੀਆ ਜੋਲੀ ਨੇ ਕਿਹਾ ਕਿ ਨਵੇਂ ਆਦੇਸ਼ ਦੇ ਤਹਿਤ ਰੂਸ ਦੇ 22 ਵਿਅਕਤੀਆਂ ਅਤੇ 4 ਸੰਸਥਾਵਾਂ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਵਿੱਚ ਰੂਸੀ ਵਿੱਤੀ ਸੰਸਥਾਵਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਪ੍ਰਮੁੱਖ ਵਿੱਤੀ ਸੰਸਥਾਵਾਂ ਅਤੇ ਬੈਂਕਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹਨ।

ਇਕ ਹਜ਼ਾਰ ਤੋਂ ਵੱਧ ਰੂਸੀ ਵਿਅਕਤੀਆਂ ਤੇ ਸੰਸਥਾਵਾਂ 'ਤੇ ਪਾਬੰਦੀ
ਇੱਥੇ ਦੱਸ ਦਈਏ ਕਿ 24 ਫਰਵਰੀ ਤੋਂ ਕੈਨੇਡਾ ਨੇ ਰੂਸ-ਯੂਕ੍ਰੇਨ ਅਤੇ ਬੇਲਾਰੂਸ ਦੇ 1,050 ਤੋਂ ਵੱਧ ਵਿਅਕਤੀਆਂ ਅਤੇ ਸੰਸਥਾਵਾਂ 'ਤੇ ਪਾਬੰਦੀਆਂ ਲਗਾਈਆਂ ਹਨ। ਕੈਨੇਡਾ ਦੀਆਂ ਨਵੀਨਤਮ ਪਾਬੰਦੀਆਂ ਇਸ ਦੀਆਂ ਪਿਛਲੀਆਂ ਪਾਬੰਦੀਆਂ ਵਾਂਗ ਹੀ ਹਨ, ਜਿਸ ਵਿੱਚ ਸੂਚੀਬੱਧ ਵਿਅਕਤੀਆਂ ਅਤੇ ਸੰਸਥਾਵਾਂ 'ਤੇ ਸੰਪੱਤੀ ਫ੍ਰੀਜ਼ ਅਤੇ ਪਾਬੰਦੀਆਂ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖ਼ਬਰ-ਸਿੱਧੂ ਮੂਸੇਵਾਲਾ ਦੇ ਸੋਗ ‘ਚ ਬਰੈਂਪਟਨ ਵਿਖੇ ਕੱਢਿਆ ਗਿਆ ਕੈਂਡਲ ਮਾਰਚ (ਤਸਵੀਰਾਂ)

ਟਰੂਡੋ ਨੇ ਯੂਕ੍ਰੇਨ ਲਈ ਮਦਦ ਦਾ ਹੱਥ ਵਧਾਇਆ
ਜ਼ਿਕਰਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਕ੍ਰੇਨ ਲਈ ਨਵੇਂ ਹਥਿਆਰਾਂ ਦਾ ਐਲਾਨ ਕੀਤਾ ਹੈ। ਨਾਲ ਹੀ ਉਹਨਾਂ ਨੇ ਪਹਿਲਾਂ ਕੀਵ ਦੀ ਆਪਣੀ ਯਾਤਰਾ ਦੌਰਾਨ ਰੂਸ ਵਿਰੁੱਧ ਨਵੀਆਂ ਪਾਬੰਦੀਆਂ ਲਗਾਈਆਂ। ਇਸ ਤੋਂ ਇਲਾਵਾ ਟਰੂਡੋ ਨੇ ਇੱਕ ਸਾਲ ਲਈ ਯੂਕ੍ਰੇਨ ਦੀ ਟਰੇਡ ਡਿਊਟੀ ਹਟਾ ਦਿੱਤੀ ਹੈ।ਟਰੂਡੋ ਨੇ ਕਿਹਾ ਕਿ ਮੈਂ ਯੂਕ੍ਰੇਨ ਲਈ ਹੋਰ ਫ਼ੌਜੀ ਸਹਾਇਤਾ, ਡਰੋਨ ਕੈਮਰੇ, ਸੈਟੇਲਾਈਟ ਚਿੱਤਰ, ਛੋਟੇ ਹਥਿਆਰ, ਗੋਲਾ ਬਾਰੂਦ ਅਤੇ ਹੋਰ ਸਹਾਇਤਾ ਦਾ ਐਲਾਨ ਕਰ ਰਿਹਾ ਹਾਂ। ਇਸ ਦੇ ਨਾਲ ਹੀ ਡੀਮਾਈਨਿੰਗ ਕਾਰਜਾਂ ਲਈ ਫੰਡਿੰਗ ਵੀ ਸ਼ਾਮਲ ਹੈ। ਇਸ ਦੌਰਾਨ ਟਰੂਡੋ ਨੇ ਇਹ ਵੀ ਕਿਹਾ ਕਿ ਕੈਨੇਡਾ ਯੂਕ੍ਰੇਨ ਵਿਚ ਆਪਣਾ ਦੂਤਘਰ ਮੁੜ ਖੋਲ੍ਹੇਗਾ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News