ਕੈਨੇਡਾ ਨੇ ਜੀ-20 ਸੰਮੇਲਨ ''ਚ ਕੀਤਾ ਵਾਅਦਾ- ''ਮੰਦੀ ਝੱਲ ਰਹੇ ਗਰੀਬ ਦੇਸ਼ਾਂ ਦੀ ਕਰਾਂਗੇ ਮਦਦ''
Monday, Nov 23, 2020 - 03:38 PM (IST)
ਓਟਾਵਾ- ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜੀ-20 ਸੰਮੇਲਨ ਵਿਚ ਗਰੀਬ ਦੇਸ਼ਾਂ ਦੀ ਮਦਦ ਕਰਨ ਲਈ ਸਹਿਮਤੀ ਬਣਾਈ ਹੈ। 20 ਅਮੀਰ ਰਾਸ਼ਟਰਾਂ ਵਲੋਂ ਕੀਤੀ ਗਈ ਇਕ ਵਰਚੁਅਲ ਮੀਟਿੰਗ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਹਿੱਸਾ ਲਿਆ। ਐਤਵਾਰ ਨੂੰ ਹੋਈ ਇਸ ਬੈਠਕ ਵਿਚ ਸਾਰੇ ਰਾਸ਼ਟਰਾਂ ਨੇ ਵਾਅਦਾ ਕੀਤਾ ਕਿ ਕੋਰੋਨਾ ਕਾਰਨ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਗਰੀਬ ਦੇਸ਼ਾਂ ਦੀ ਉਹ ਮਦਦ ਕਰਨ ਲਈ ਵਚਨਬੱਧ ਹਨ।
ਇਸ ਬੈਠਕ ਨੂੰ ਸਾਊਦੀ ਅਰਬ ਨੇ ਹੋਸਟ ਕੀਤਾ ਸੀ। ਇਸ ਦੌਰਾਨ ਅਫਰੀਕਾ ਨੂੰ ਕੋਰੋਨਾ ਵੈਕਸੀਨ ਪਹੁੰਚਾਉਣ ਦੀ ਮਦਦ ਲਈ ਪੇਸ਼ਕਸ਼ ਕੀਤੀ ਗਈ। ਹਾਲਾਂਕਿ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਟਰੂਡੋ ਨੇ ਰਾਸ਼ਟਰਾਂ ਅੱਗੇ ਮਨੁੱਖੀ ਅਧਿਕਾਰਾਂ ਦਾ ਮੁੱਦਾ ਚੁੱਕਿਆ ਅਤੇ ਉਨ੍ਹਾਂ ਜਲਵਾਯੂ ਪਰਿਵਰਤਨ, ਮੁਫਤ ਵਪਾਰ ਅਤੇ ਟੀਕਿਆਂ ਦੀ ਬਰਾਬਰ ਪਹੁੰਚ ਅਤੇ ਹੋਰ ਲੋਕਾਂ ਦੇ ਲਈ ਕੋਰੋਨਾ ਸਹਾਇਤਾ 'ਤੇ ਵੀ ਜ਼ੋਰ ਦਿੱਤਾ।
ਟਰੂਡੋ ਨੇ ਕਿਹਾ ਕਿ ਅਸੀਂ ਇਕੱਠੇ ਮਿਲ ਕੇ ਅੱਜ ਅਤੇ ਕੱਲ ਦੀਆਂ ਵੱਡੀਆਂ ਚੁਣੌਤੀਆਂ ਨਾਲ ਨਜਿੱਠ ਸਕਦੇ ਹਾਂ, ਅਤੇ ਇਕ ਵਧੇਰੇ ਲਚਕੀਲਾ ਸੰਸਾਰ ਸਿਰਜ ਸਕਦੇ ਹਾਂ ਜੋ ਹਰ ਕਿਸੇ ਲਈ ਕੰਮ ਕਰੇ।
ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਹਰ ਦੇਸ਼ ਦੀ ਅਰਥ ਵਿਵਸਥਾ ਨੂੰ ਭਾਰੀ ਧੱਕਾ ਪੁੱਜਿਆ ਹੈ ਪਰ ਕੁਝ ਬਹੁਤ ਗਰੀਬ ਦੇਸ਼ਾਂ ਦੀ ਹਾਲਤ ਤਰਸਯੋਗ ਹੈ ਜਿਸ ਕਾਰਨ ਅਮੀਰ ਦੇਸ਼ਾਂ ਦਾ ਸਮੂਹ ਇਕੱਠਾ ਹੋ ਕੇ ਕੰਮ ਕਰ ਰਿਹਾ ਹੈ।