ਟਰੂਡੋ ਨੇ ਕੈਨੇਡੀਅਨਾਂ ਨੂੰ ਦਿੱਤਾ ''ਅੱਗੇ ਵਧਣ'' ਦਾ ਸੁਨੇਹਾ

Sunday, Sep 15, 2019 - 08:21 PM (IST)

ਟਰੂਡੋ ਨੇ ਕੈਨੇਡੀਅਨਾਂ ਨੂੰ ਦਿੱਤਾ ''ਅੱਗੇ ਵਧਣ'' ਦਾ ਸੁਨੇਹਾ

ਮਾਂਟੇਰੀਅਲ— ਕੈਨੇਡਾ 'ਚ ਆਮ ਚੋਣਾਂ 'ਚ ਹੁਣ 40 ਦਿਨ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ। ਇਸ ਵੇਲੇ ਕੈਨੇਡਾ ਦੀ ਹਰ ਪਾਰਟੀ ਲੋਕਾਂ ਨੂੰ ਕੋਈ ਨਾ ਕੋਈ ਸੁਨੇਹਾ ਦੇ ਰਹੀ ਹੈ। ਅਜਿਹੇ 'ਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਲੋਕਾਂ ਨੂੰ ਅੱਗੇ ਵਧਣ ਦਾ ਸੁਨੇਹਾ ਦਿੱਤਾ ਹੈ।

ਕੈਨੇਡੀਅਨ ਪ੍ਰਧਾਨ ਮੰਤਰੀ ਨੇ ਇਕ ਟਵੀਟ ਕੀਤਾ ਜਿਸ 'ਚ ਉਨ੍ਹਾਂ ਨੇ ਲਿਖਿਆ ਕਿ 21 ਅਕਤੂਬਰ ਦੇ ਦਿਨ ਮਾਂਟੇਰੀਅਲ ਤੇ ਪੂਰੇ ਦੇਸ਼ ਦੇ ਲੋਕ ਬਹੁਤ ਜ਼ਰੂਰੀ ਚੋਣ ਕਰਨਗੇ। ਅੱਗੇ ਵਧਣਾ ਜਾਂ ਸਟੀਫਨ ਹਾਰਪਰ ਦੇ ਸਮੇਂ 'ਚ ਵਾਪਸ ਜਾਣਾ। ਮੈਂ ਅੱਗੇ ਵਧਣਾ ਚੁਣਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ ਜੋ ਕਿ ਫ੍ਰੈਂਚ ਭਾਸ਼ਾ 'ਚ ਸੀ। ਜਿਸ 'ਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੇ ਚਾਰ ਸਾਲ ਮਿਡਲ ਕਲਾਸ ਲੋਕਾਂ ਦੀ ਲਾਈਫ ਬਿਹਤਰ ਬਣਾਉਣ 'ਚ ਲਾਏ ਹਨ। ਗਰੀਬੀ ਘੱਟ ਰਹੀ ਹੈ, ਬੇਰੁਜ਼ਗਾਰੀ ਘੱਟ ਰਹੀ ਹੈ ਤੇ ਨਵੀਂਆਂ ਨੌਕਰੀਆਂ ਪੈਦਾ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਦੁਨੀਆ ਦੇ ਸਭ ਤੋਂ ਬੈਸਟ ਦੇਸ਼ 'ਚ ਰਹਿ ਰਹੇ ਹਾਂ ਤਾਂ ਬਿਹਤਰ ਹੋਣਾ ਹਮੇਸ਼ਾ ਮੁਮਕਿਨ ਹੈ।

ਟਰੂਡੋ ਨੇ ਇਸ ਦੌਰਾਨ ਕਿਹਾ ਕਿ ਮੈਂ ਅੱਗੇ ਵਧਣਾ ਚੁਣਿਆ ਹੈ। ਅਸੀਂ ਪਰਿਵਾਰਾਂ ਤੇ ਵਰਕਰਾਂ ਤੇ ਆਪਣੇ ਭਾਈਚਾਰੇ 'ਚ ਨਿਵੇਸ਼ ਕਰਨਾ ਚੁਣਿਆ ਹੈ। ਅਸੀਂ ਇਕੱਠਿਆਂ ਬੀਤੇ ਚਾਰ ਸਾਲਾਂ 'ਚ ਬਹੁਤ ਕੁਝ ਕੀਤਾ ਹੈ। ਪਰ ਇਹ ਸਾਫ ਹੈ ਕਿ ਅਜੇ ਬਹੁਤ ਕੰਮ ਕਰਨਾ ਬਾਕੀ ਹੈ। ਲੋਕਾਂ ਦੀ ਮਦਦ ਕਰਨਾ, ਮੁਸ਼ਕਲਾਂ ਨੂੰ ਹੱਲ ਕਰਨਾ ਤੇ ਹੋਰ ਵਿਕਾਸ ਕਰਨਾ ਬਾਕੀ ਹੈ। 21 ਅਕਤੂਬਰ ਦੇ ਦਿਨ ਮਾਂਟੀਰੀਅਲ ਦੇ ਲੋਕ ਤੇ ਪੂਰੇ ਦੇਸ਼ ਦੇ ਕੈਨੇਡੀਅਨ ਬਹੁਤ ਜ਼ਰੂਰੀ ਚੋਣ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਤੁਸੀਂ ਕੀ ਚਾਹੁੰਦੇ ਹੋ ਸਟੀਫਨ ਹਾਰਪਰ ਦੇ ਸਮੇਂ 'ਚ ਵਾਪਸ ਜਾਣਾ ਜਾਂ ਅੱਗੇ ਵਧਣਾ। ਮੈਂ ਅੱਗੇ ਵਧਣਾ ਚੁਣਿਆ ਹੈ।


author

Baljit Singh

Content Editor

Related News