ਕੈਨੇਡਾ : PM ਟਰੂਡੋ ਤੇ ਜਗਮੀਤ ਸਿੰਘ ਨੇ ਦਿੱਤੀ ਬਾਈਡੇਨ, ਹੈਰਿਸ ਨੂੰ ਵਧਾਈ

Wednesday, Jan 20, 2021 - 11:32 PM (IST)

ਕੈਨੇਡਾ : PM ਟਰੂਡੋ ਤੇ ਜਗਮੀਤ ਸਿੰਘ ਨੇ ਦਿੱਤੀ ਬਾਈਡੇਨ, ਹੈਰਿਸ ਨੂੰ ਵਧਾਈ

ਟੋਰਾਂਟੋ-  ਕੈਨੇਡਾ ਦੀ ਰਾਜਨੀਤਕ ਪਾਰਟੀ ਐੱਨ. ਡੀ. ਪੀ. ਦੇ ਨੇਤਾ ਜਗਮੀਤ ਸਿੰਘ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਾਈਡੇਨ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੱਤਾ ਸੰਭਾਲਣ ਅਤੇ ਕਮਲਾ ਹੈਰਿਸ ਨੂੰ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣਨ ਦੀ ਵਧਾਈ ਦਿੱਤੀ ਹੈ।

 

ਜਗਮੀਤ ਸਿੰਘ ਨੇ ਕਿਹਾ ਕਿ ਅੱਜ ਪਿਛਲੇ ਚਾਰ ਸਾਲਾਂ ਦੀ ਨਫ਼ਰਤ ਅਤੇ ਵੰਡ ਦਾ ਅੰਤ ਹੋ ਗਿਆ। ਉੱਥੇ ਹੀ, ਟਰੂਡੋ ਨੇ ਬਾਈਡੇਨ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ, ''ਕੈਨੇਡਾ ਅਤੇ ਅਮਰੀਕਾ ਦੋਹਾਂ ਦੇਸ਼ਾਂ ਨੇ ਮਿਲ ਕੇ ਇਤਿਹਾਸ ਦੀਆਂ ਕੁਝ ਵੱਡੀਆਂ ਚੁਣੌਤੀਆਂ ਨਾਲ ਨਜਿੱਠਿਆ ਹੈ ਅਤੇ ਮੈਂ ਤੁਹਾਡੇ ਨਾਲ, ਕਮਲਾ ਹੈਰਿਸ ਨਾਲ ਅਤੇ ਤੁਹਾਡੇ ਪ੍ਰਸ਼ਾਸਨ ਨਾਲ ਇਸ ਸਾਂਝੇਦਾਰੀ ਨੂੰ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ।''

 

ਗੌਰਤਲਬ ਹੈ ਕਿ ਕਮਲਾ ਹੈਰਿਸ ਦਾ ਪੂਰਾ ਨਾਮ ਕਮਲਾ ਦੇਵੀ ਹੈਰਿਸ ਹੈ। ਉਨ੍ਹਾਂ ਦੀ ਮਾਤਾ ਜੀ ਭਾਰਤੀ ਅਤੇ ਪਿਤਾ ਜੀ ਜਮਾਇਕਾ ਦੇ ਸਨ, ਜੋ ਅਮਰੀਕਾ ਵਿਚ ਵੱਸ ਗਏ ਸਨ। 56 ਸਾਲਾ ਕਮਲਾ ਹੈਰਿਸ ਦਾ ਜੰਮਪਲ ਕੈਲੀਫੋਰਨੀਆ ਦੇ ਓਕਲੈਂਡ ਦਾ ਹੈ। ਹੈਰਿਸ ਸੰਯੁਕਤ ਰਾਜ ਅਮਰੀਕਾ ਦੀ 49ਵੀਂ ਉਪ ਰਾਸ਼ਟਰਪਤੀ ਬਣੀ ਹੈ। ਉੱਥੇ ਹੀ, ਜੋਅ ਬਾਈਡੇਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣੇ ਹਨ। ਬਾਈਡੇਨ 78 ਸਾਲ ਦੇ ਹਨ। ਰਾਜਨੀਤੀ ਵਿਚ ਉਹ ਪਿਛਲੇ 50 ਸਾਲਾਂ ਤੋਂ ਸਰਗਰਮ ਹਨ। ਬਰਾਕ ਓਬਾਮਾ ਵੇਲੇ ਉਹ ਉਪ-ਰਾਸ਼ਟਰਪਤੀ ਵੀ ਰਹੇ ਸਨ।


author

Sanjeev

Content Editor

Related News