ਟਰੱਕ ਡਰਾਈਵਰ ਨੇ ਮੰਨਿਆ ਦੋਸ਼- ''ਟੈਕਸਾਸ ''ਚ 40 ਗੈਰ ਕਾਨੂੰਨੀ ਪ੍ਰਵਾਸੀਆਂ ਦੀ ਕੀਤੀ ਤਸਕਰੀ''
Thursday, Dec 10, 2020 - 10:05 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਸੂਬੇ ਟੈਕਸਾਸ ਵਿਚ ਅਧਿਕਾਰੀਆਂ ਵਲੋਂ ਇਕ ਟਰੱਕ ਰਾਹੀਂ ਗੈਰ ਕਾਨੂੰਨੀ ਤੌਰ 'ਤੇ ਦਾਖਲ ਹੋ ਰਹੇ 40 ਪ੍ਰਵਾਸੀਆਂ ਨੂੰ ਸਣੇ ਡਰਾਈਵਰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਇਸ ਮਾਮਲੇ ਵਿਚ ਦੱਖਣੀ ਕੈਰੋਲਿਨਾ ਦੇ ਇਕ ਵਿਅਕਤੀ ਨੇ ਸੰਯੁਕਤ ਰਾਜ ਦੀ ਸਰਹੱਦ 'ਤੇ ਟਰੱਕ ਅੰਦਰ ਦਰਜਨਾਂ ਪ੍ਰਵਾਸੀਆਂ ਦੀ ਤਸਕਰੀ ਕਰਨ ਦਾ ਦੋਸ਼ ਮੰਨਿਆ ਹੈ।
ਟੈਕਸਾਸ ਦੇ ਦੱਖਣੀ ਜ਼ਿਲ੍ਹੇ ਦੇ ਅਟਾਰਨੀ ਅਨੁਸਾਰ ਰਿਜਲੈਂਡ ਦੇ 35 ਸਾਲਾ ਐਲੋਈ ਮਾਰਟੀਨੇਜ਼-ਕੈਰਨਜ਼ਾ ਨੂੰ ਆਪਣੇ ਵਾਹਨ ਵਿਚ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਲਿਜਾਣ ਦੀ ਸਾਜਿਸ਼ ਰਚਣ ਲਈ ਦੋਸ਼ੀ ਮੰਨਿਆ ਗਿਆ ਹੈ।ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਤੂਬਰ ਵਿਚ ਗਸ਼ਤ ਦੌਰਾਨ ਪੁਲਸ ਦੇ ਖੋਜੀ ਕੁੱਤੇ ਨੇ ਅਧਿਕਾਰੀਆਂ ਨੂੰ ਲਾਰੇਡੋ ਚੌਕੀ 'ਤੇ ਇਸ ਡਰਾਈਵਰ ਵਲੋਂ ਟਰੱਕ ਅੰਦਰ ਲਿਜਾਏ ਜਾ ਰਹੇ ਲੋਕਾਂ ਬਾਰੇ ਸੁਚੇਤ ਕਰਨ 'ਤੇ ਅਧਿਕਾਰੀਆਂ ਨੇ ਟਰੱਕ ਅੰਦਰੋਂ 40 ਗੈਰ ਪ੍ਰਮਾਣਿਤ ਪ੍ਰਵਾਸੀਆਂ ਨੂੰ ਬਰਾਮਦ ਕੀਤਾ, ਜਿਨ੍ਹਾਂ ਵਿਚ ਤਿੰਨ ਬੱਚੇ ਵੀ ਸ਼ਾਮਲ ਸਨ।
ਇਸ ਮਾਮਲੇ ਦੀ ਅਗਲੀ ਜਾਂਚ ਨੇ ਏਜੰਟਾਂ ਨੂੰ ਇਕ ਘਰ ਵਿਚ 22 ਹੋਰ ਬਿਨਾਂ ਦਸਤਾਵੇਜ਼ਾਂ ਦੇ ਪ੍ਰਵਾਸੀਆਂ ਨੂੰ ਲੱਭਣ ਵਿਚ ਸਫਲਤਾ ਮਿਲੀ ਅਤੇ ਅਦਾਲਤੀ ਦਸਤਾਵੇਜ਼ਾਂ ਅਨੁਸਾਰ ਇਕ ਹੋਰ 28 ਸਾਲਾ ਲਾਰੇਡੋ ਦੇ ਵਿਅਕਤੀ ਜੋਸ ਮਾਰੀਆ ਰਮੀਰੇਜ਼ ਨੂੰ ਦੋਸ਼ੀ ਮੰਨਿਆ ਗਿਆ। ਇਸ ਅਪਰਾਧਕ ਗਤੀਵਿਧੀ ਲਈ ਦੋਵੇਂ ਵਿਅਕਤੀ ਮਾਰਚ ਵਿਚ ਸਜ਼ਾ ਸੁਣਾਏ ਜਾਣ 'ਤੇ 10 ਸਾਲ ਤੱਕ ਜੇਲ੍ਹ ਵਿਚ ਜਾ ਸਕਦੇ ਹਨ।