16 ਖਿਡਾਰੀਆਂ ਦੀ ਮੌਤ ਦੇ ਜ਼ਿੰਮੇਵਾਰ ਪੰਜਾਬੀ ਡਰਾਈਵਰ ਨੂੰ ਕੈਨੇਡਾ ਕੱਢ ਸਕਦੈ ਬਾਹਰ
Saturday, Oct 31, 2020 - 11:02 AM (IST)
ਟੋਰਾਂਟੋ- ਕੈਨੇਡਾ ਵਿਚ ਅਪ੍ਰੈਲ 2018 ਵਿਚ ਲਾਲ ਬੱਤੀ ਪਾਰ ਕਰਕੇ ਇਕ ਭਿਆਨਕ ਦੁਰਘਟਨਾ ਨੂੰ ਅੰਜਾਮ ਦੇਣ ਵਾਲੇ ਇਕ ਪੰਜਾਬੀ ਟਰੱਕ ਡਰਾਈਵਰ ਨੂੰ ਹੁਣ ਭਾਰਤ ਵਾਪਸ ਭੇਜਿਆ ਜਾ ਸਕਦਾ ਹੈ, ਇਸ ਸਬੰਧੀ ਸੁਣਵਾਈ ਹੋ ਰਹੀ ਹੈ। ਕੈਨੇਡਾ ਵਿਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ (31) 'ਤੇ ਇਕ ਬੱਸ ਦੁਰਘਟਨਾ ਲਈ ਜ਼ਿੰਮੇਵਾਰ ਹੋਣ ਦਾ ਦੋਸ਼ ਹੈ। ਇਸ ਦੁਰਘਟਨਾ ਵਿਚ ਜੂਨੀਅਰ ਹਾਕੀ ਟੀਮ ਦੇ 16 ਖਿਡਾਰੀਆਂ ਦੀ ਮੌਤ ਹੋ ਗਈ ਸੀ। ਇਸ ਨੂੰ ਕੈਨੇਡਾ ਦੇ ਖੇਡ ਇਤਿਹਾਸ ਵਿਚ ਸਭ ਤੋਂ ਬੁਰੀ ਘਟਨਾ ਮੰਨਿਆ ਜਾਂਦਾ ਹੈ। ਸਿੱਧੂ ਨੇ 6 ਅਪ੍ਰੈਲ, 2018 ਨੂੰ ਸਸਕੈਚਵਾਨ ਸੂਬੇ ਦੇ ਆਰਮਲੇ ਸ਼ਹਿਰ ਕੋਲ ਇਕ ਚੁਰਸਤੇ 'ਤੇ ਹਾਕੀ ਖਿਡਾਰੀਆਂ ਨੂੰ ਲੈ ਜਾ ਰਹੀ ਇਕ ਬੱਸ ਵਿਚ ਆਪਣੇ ਸੈਮੀ-ਟਰੇਲਰ (ਟਰੱਕ) ਨਾਲ ਟੱਕਰ ਮਾਰ ਦਿੱਤੀ ਸੀ।
ਇਹ ਵੀ ਪੜ੍ਹੋ- ਟੋਰਾਂਟੋ : ਐਲੀਮੈਂਟਰੀ ਸਕੂਲ 'ਚ ਕੋਰੋਨਾ ਦਾ ਧਮਾਕਾ, ਦਰਜਨਾਂ ਵਿਦਿਆਰਥੀ ਹੋਏ ਇਕਾਂਤਵਾਸ
ਲਗਭਗ 100 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਡਰਾਈਵਿੰਗ ਕਰਦੇ ਹੋਏ, ਸਿੱਧੂ ਨੇ ਲਾਲ ਬੱਤੀ ਦੇ ਸੰਕੇਤ ਨੂੰ ਧਿਆਨ ਵਿਚ ਨਹੀਂ ਰੱਖਿਆ, ਆਪਣੇ ਟਰੱਕ ਨੂੰ ਬੱਸ ਵਿਚ ਵਾੜ ਦਿੱਤਾ, ਜੋ ਪਹਿਲਾਂ ਤੋਂ ਹੀ ਚੌਰਾਹੇ 'ਤੇ ਸੀ।
2013 ਵਿਚ ਪੰਜਾਬ ਤੋਂ ਕੈਨੇਡਾ ਆਏ ਸਿੱਧੂ ਨੂੰ 2019 ਵਿਚ ਖਤਰਨਾਕ ਡਰਾਈਵਿੰਗ ਕਰਨ ਦੇ ਦੋਸ਼ ਵਿਚ ਸਜ਼ਾ ਸੁਣਾਈ ਗਈ ਸੀ। ਸਬੰਧਤ ਅਧਿਕਾਰੀਆਂ ਵਲੋਂ ਡਿਪੋਰਟ ਦਾ ਫੈਸਲਾ ਅਪ੍ਰੈਲ 2021 ਤੱਕ ਆਉਣ ਦੀ ਸੰਭਾਵਨਾ ਹੈ। ਇਸ ਮੁੱਦੇ 'ਤੇ ਬੀਤੇ ਦਿਨ ਰੇਡੀਓ ਤੇ ਪੰਜਾਬੀ ਚੈਨਲਾਂ 'ਤੇ ਚਰਚਾ ਹੁੰਦੀ ਰਹੀ। ਹਾਲਾਂਕਿ, ਕੁਝ ਲੋਕਾਂ ਦਾ ਕਹਿਣਾ ਹੈ ਕਿ ਉਸ ਕੋਲੋਂ ਗਲਤੀ ਨਾਲ ਅਜਿਹਾ ਹੋਇਆ ਸੀ ਪਰ ਕੁਝ ਉਸ ਦੇ ਵਿਰੋਧ ਵਿਚ ਹਨ।