6,000 ਤੋਂ ਵਧੇਰੇ ਬੇਘਰ, ਚਾਰ ਦੀ ਮੌਤ ਤੇ ਸਕੂਲ ਕਾਲਜ ਬੰਦ...! ਫਿਲਪੀਨਜ਼ 'ਪੇਨਹਾ' ਤੂਫ਼ਾਨ ਦਾ ਕਹਿਰ

Friday, Feb 06, 2026 - 02:54 PM (IST)

6,000 ਤੋਂ ਵਧੇਰੇ ਬੇਘਰ, ਚਾਰ ਦੀ ਮੌਤ ਤੇ ਸਕੂਲ ਕਾਲਜ ਬੰਦ...! ਫਿਲਪੀਨਜ਼ 'ਪੇਨਹਾ' ਤੂਫ਼ਾਨ ਦਾ ਕਹਿਰ

ਕੈਗਾਇਨ ਡੀ ਓਰੋ (ਫਿਲੀਪੀਨਜ਼): ਦੱਖਣੀ ਫਿਲੀਪੀਨਜ਼ ਵਿੱਚ ਆਏ ਭਿਆਨਕ ਉੱਛਣ-ਕਟਿਬੰਧੀ ਤੂਫ਼ਾਨ 'ਪੇਨਹਾ' (Storm Pehna) ਨੇ ਭਾਰੀ ਤਬਾਹੀ ਮਚਾਈ ਹੈ। ਇਸ ਤੂਫ਼ਾਨ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿੱਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ 6,000 ਤੋਂ ਵੱਧ ਲੋਕਾਂ ਨੂੰ ਆਪਣਾ ਘਰ-ਬਾਰ ਛੱਡਣਾ ਪਿਆ ਹੈ।

PunjabKesari

ਭਾਰੀ ਜਾਨੀ ਅਤੇ ਮਾਲੀ ਨੁਕਸਾਨ
ਅਧਿਕਾਰੀਆਂ ਅਨੁਸਾਰ, ਕੈਗਾਇਨ ਡੀ ਓਰੋ ਸ਼ਹਿਰ ਦੇ ਇੱਕ ਪਿੰਡ ਵਿੱਚ ਮੂਸਲਾਧਾਰ ਬਾਰਿਸ਼ ਕਾਰਨ ਇੱਕ ਖਾਨ ਖੇਤਰ (Mining Area) 'ਚ ਜ਼ਮੀਨ ਖਿਸਕ ਗਈ। ਇਸ ਹਾਦਸੇ ਵਿੱਚ ਇੱਕ ਝੌਂਪੜੀ ਦੇ ਤਬਾਹ ਹੋਣ ਕਾਰਨ ਇੱਕ ਜੋੜੇ ਅਤੇ ਉਨ੍ਹਾਂ ਦੇ ਦੋ ਬੱਚਿਆਂ ਦੀ ਮੌਤ ਹੋ ਗਈ। ਨਾਗਰਿਕ ਸੁਰੱਖਿਆ ਦਫ਼ਤਰ ਮੁਤਾਬਕ, ਤੂਫ਼ਾਨ ਕਾਰਨ ਵਿਸਥਾਪਿਤ ਹੋਏ 6,000 ਲੋਕਾਂ ਵਿੱਚੋਂ ਲਗਭਗ 5,800 ਲੋਕਾਂ ਨੇ ਰਾਹਤ ਕੈਂਪਾਂ ਵਿੱਚ ਸ਼ਰਨ ਲਈ ਹੈ।

PunjabKesari

ਤੂਫ਼ਾਨ ਦੀ ਰਫ਼ਤਾਰ ਅਤੇ ਮੌਜੂਦਾ ਸਥਿਤੀ
ਮੌਸਮ ਵਿਗਿਆਨੀਆਂ ਅਨੁਸਾਰ, ਇਹ ਤੂਫ਼ਾਨ ਵੀਰਵਾਰ ਦੇਰ ਰਾਤ ਪ੍ਰਸ਼ਾਂਤ ਮਹਾਸਾਗਰ ਰਾਹੀਂ ਦੱਖਣ-ਪੂਰਬੀ ਸੂਰੀਗਾਓ ਡੇਲ ਸੁਰ ਸੂਬੇ ਨਾਲ ਟਕਰਾਇਆ ਸੀ। ਸ਼ੁੱਕਰਵਾਰ ਦੁਪਹਿਰ ਤੱਕ ਇਸ ਦੀ ਰਫ਼ਤਾਰ 55 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ, ਜਦਕਿ ਹਵਾਵਾਂ ਦੀ ਗਤੀ 70 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਗਈ ਸੀ। ਇਹ ਤੂਫ਼ਾਨ ਹੁਣ ਉੱਤਰ-ਪੱਛਮ ਦਿਸ਼ਾ ਵੱਲ ਪਲਾਵਨ ਸੂਬੇ ਵੱਲ ਵਧ ਰਿਹਾ ਹੈ ਅਤੇ ਉਮੀਦ ਹੈ ਕਿ ਇਹ ਜਲਦੀ ਹੀ ਕਮਜ਼ੋਰ ਪੈ ਜਾਵੇਗਾ।

ਆਵਾਜਾਈ ਤੇ ਜਨ-ਜੀਵਨ ਪ੍ਰਭਾਵਿਤ
ਬੰਦਰਗਾਹਾਂ 'ਤੇ ਫਸੇ ਯਾਤਰੀ: ਸਮੁੰਦਰੀ ਹਾਲਾਤ ਖ਼ਰਾਬ ਹੋਣ ਕਾਰਨ 94 ਬੰਦਰਗਾਹਾਂ 'ਤੇ ਜਹਾਜ਼ਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ, ਜਿਸ ਕਾਰਨ ਲਗਭਗ 5,000 ਯਾਤਰੀ ਅਤੇ ਕਰਮਚਾਰੀ ਫਸੇ ਹੋਏ ਹਨ। ਕਈ ਪ੍ਰਭਾਵਿਤ ਇਲਾਕਿਆਂ ਵਿੱਚ ਸਾਵਧਾਨੀ ਵਜੋਂ ਸਕੂਲਾਂ ਵਿੱਚ ਪੜ੍ਹਾਈ ਮੁਲਤਵੀ ਕਰ ਦਿੱਤੀ ਗਈ ਹੈ। ਇਲੀਗਨ ਸ਼ਹਿਰ ਵਰਗੇ ਕਈ ਇਲਾਕਿਆਂ ਵਿੱਚ ਲੋਕ ਹਾਲੇ ਵੀ ਹੜ੍ਹ ਦੇ ਪਾਣੀ ਵਿੱਚ ਫਸੇ ਹੋਏ ਹਨ, ਜਿੱਥੇ ਬਚਾਅ ਟੀਮਾਂ ਵੱਲੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ।

PunjabKesari

ਕੁਦਰਤੀ ਆਫ਼ਤਾਂ ਦੀ ਮਾਰ ਹੇਠ ਫਿਲੀਪੀਨਜ਼
ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ, ਇਹ ਤੂਫ਼ਾਨ ਅਜਿਹੇ ਸਮੇਂ ਆਇਆ ਹੈ ਜਦੋਂ ਆਮ ਤੌਰ 'ਤੇ ਦੇਸ਼ ਵਿੱਚ ਸਭ ਤੋਂ ਘੱਟ ਤੂਫ਼ਾਨ ਆਉਂਦੇ ਹਨ। ਦੱਸਣਯੋਗ ਹੈ ਕਿ ਫਿਲੀਪੀਨਜ਼ ਵਿੱਚ ਹਰ ਸਾਲ ਔਸਤਨ 20 ਤੂਫ਼ਾਨ ਅਤੇ ਚੱਕਰਵਾਤ ਆਉਂਦੇ ਹਨ। ਭੂਚਾਲਾਂ ਅਤੇ ਸਰਗਰਮ ਜਵਾਲਾਮੁਖੀਆਂ ਦੀ ਮੌਜੂਦਗੀ ਕਾਰਨ ਇਹ ਦੇਸ਼ ਦੁਨੀਆ ਦੇ ਸਭ ਤੋਂ ਵੱਧ ਆਫ਼ਤ-ਸੰਭਾਵਿਤ ਖੇਤਰਾਂ ਵਿੱਚ ਗਿਣਿਆ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News