ਪੰਜਾਬੀ ਭੰਗੜਾ ਜਗਤ ਦੇ ਪਿਤਾਮਾ ਡਾ. ਦਲਜਿੰਦਰ ਸਿੰਘ ਜੌਹਲ ਨੂੰ ਨਮ ਅੱਖਾਂ ਨਾਲ ਕੈਨੇਡਾ ''ਚ ਦਿੱਤੀ ਗਈ ਸ਼ਰਧਾਂਜਲੀ
Tuesday, Jan 13, 2026 - 09:18 AM (IST)
ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਪੰਜਾਬੀ ਸੱਭਿਆਚਾਰ ਜਗਤ ਵਿੱਚ ਪੰਜਾਬ ਦੇ ਲੋਕ ਨਾਚ “ਭੰਗੜਾ” ਨੂੰ ਸਿਖਰਾਂ ‘ਤੇ ਲਿਜਾਣ ਅਤੇ ਖਾਸ ਤੌਰ ‘ਤੇ ਯੂਨੀਵਰਸਿਟੀ ਪੱਧਰ ਦੀਆਂ ਸਟੇਜਾਂ ਉੱਪਰ “ਮਲਵਈ ਗਿੱਧੇ” ਨੂੰ ਮਾਨਤਾ ਦਿਵਾਉਣ ਵਾਲੇ ਪਿਤਾਮਾ ਡਾ. ਦਲਜਿੰਦਰ ਸਿੰਘ ਜੌਹਲ, ਜਿਨ੍ਹਾਂ ਨੂੰ ਭਾਜੀ ਕਹਿ ਕੇ ਵੀ ਸਤਿਕਾਰਿਆ ਜਾਂਦਾ ਸੀ, ਬੀਤੇ ਕੁਝ ਦਿਨ ਪਹਿਲਾਂ ਕੈਨੇਡਾ ਦੀ ਧਰਤੀ ‘ਤੇ ਆਪਣੇ ਸੁਆਸਾਂ ਦੀ ਪੂੰਜੀ ਤਿਆਗਦੇ ਹੋਏ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਆਪਣੀ ਜ਼ਿੰਦਗੀ ਦਾ ਲੰਬਾ ਅਰਸਾ ਬੱਚਿਆਂ ਨੂੰ ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸ਼ਰ ਸੁਧਾਰ (ਲੁਧਿਆਣਾ) ਵਿਖੇ ਬੱਚਿਆਂ ਨੂੰ ਪੜ੍ਹਾਇਆ ਅਤੇ ਆਪਣੇ ਕਾਰਜਕਾਲ ਦੌਰਾਨ ਕਾਲਜ ਦੀ ਭੰਗੜਾ ਟੀਮ ਨੂੰ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਾਇਆ।
ਡਾ. ਜੌਹਲ ਜੀ. ਐੱਚ. ਜੀ. ਅਕੈਡਮੀਂ ਫਰਿਜ਼ਨੋ, ਕੈਲੇਫੋਰਨੀਆ ਦੇ ਫਾਊਂਡਰ ਸਨ। ਇਸ ਅਕੈਡਮੀ ਦੁਆਰਾ ਹੁਣ ਤੱਕ ਵਿਦੇਸ਼ਾਂ ਵਿੱਚ ਜਨਮੇ ਹਜ਼ਾਰਾਂ ਬੱਚੇ ਪੰਜਾਬੀ ਸੱਭਿਆਚਾਰ ਨਾਲ ਜੋੜੇ ਜਾ ਚੁੱਕੇ ਹਨ ਅਤੇ ਸਲਾਨਾ ਕੈਂਪਾਂ ਦੁਆਰਾ ਉਪਰਾਲਾ ਕਰਦੇ ਹੋਏ ਸੇਵਾਵਾਂ ਜਾਰੀ ਹਨ। ਉਨ੍ਹਾਂ ਨੂੰ ਯਾਦ ਕਰਦੇ ਫਰਿਜ਼ਨੋ ਵਿਖੇ ਉਹਨਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਗਈ। ਜਿੱਥੇ ਜੀ.ਐਚ.ਜੀ. ਅਕੈਡਮੀਂ ਦੇ ਮੈਂਬਰਾਂ, ਬੱਚਿਆਂ ਅਤੇ ਸਮੁੱਚੀ ਸਾਧ-ਸੰਗਤ ਨੇ ਜਪੁਜੀ ਸਾਹਿਬ ਜੀ ਦਾ ਪਾਠ ਕਰਨ ਉਪਰੰਤ ਡਾ. ਸਾਹਿਬ ਦੀ ਯਾਦ ਵਿੱਚ ਅਰਦਾਸ ਕੀਤੀ। ਇਸ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਮੁੱਖ ਮੈਂਬਰ ਅਤੇ ਸਾਬਕਾ ਵਿਦਿਆਰਥੀ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਪਹੁੰਚੇ।
ਇਹ ਵੀ ਪੜ੍ਹੋ : ਭਾਰਤ ਦੇ ਸਖ਼ਤ ਇਤਰਾਜ਼ਾਂ ਦੇ ਬਾਵਜੂਦ ਚੀਨ ਦੀ ਅੜੀ, ਸ਼ਕਸਗਾਮ ਘਾਟੀ 'ਤੇ ਮੁੜ ਜਤਾਇਆ ਆਪਣਾ ਦਾਅਵਾ
ਸਵਰਗਵਾਸੀ ਡਾ. ਦਲਜਿੰਦਰ ਸਿੰਘ ਜੌਹਲ ਦੇ ਅੰਤਿਮ ਸੰਸਕਾਰ ਵਿੱਚ ਫਰਿਜ਼ਨੋ ਤੋਂ ਆਪਣੇ ਮੁੱਖ ਮੈਂਬਰਾਂ ਸਮੇਤ ਪਹੁੰਚੇ ਸ. ਪਰਮਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਡਾ. ਜੌਹਲ ਦੇ ਸੰਸਕਾਰ ਦੌਰਾਨ ਸਰਧਾਂਜਲੀਆਂ ਦੇਣ ਲਈ ਉਨ੍ਹਾਂ ਨੂੰ ਚਾਹੁਣ ਵਾਲੇ ਦੂਰ-ਦੁਰੇਡੇ ਤੋਂ ਪਹੁੰਚੇ ਹੋਏ ਸਨ। ਜਿਸ ਦੌਰਾਨ ਉਨ੍ਹਾਂ ਦੇ ਅੰਤਿਮ ਦਰਸ਼ਨ ਸਭ ਨੇ ਨਮ ਅੱਖਾਂ ਨਾਲ ਕਰਦੇ ਹੋਏ ਸਰਧਾਂਜਲੀਆਂ ਭੇਟ ਕੀਤੀਆਂ, ਜਿਸ ਵਿੱਚ ਭੰਗੜਾ ਪਰਿਵਾਰ ਦੇ ਸੀਨੀਅਰ ਮੈਂਬਰ ਹਰਜਿੰਦਰ ਸਿੰਘ ਧਾਲੀਵਾਲ ਨੇ ਸਮੂਹ ਭੰਗੜਾ ਪਰਿਵਾਰ ਵੱਲੋਂ ਭਾਜੀ ਦੇ ਜੀਵਨ ਦੀ ਸੰਖੇਪ ਜਾਣਕਾਰੀ ਦਿੰਦਿਆਂ ਸ਼ਰਧਾਂਜਲੀ ਭੇਟ ਕਰਦਿਆਂ ਉਹਨਾਂ ਦਾ ਪੰਜਾਬੀ ਸੱਭਿਆਚਾਰ, ਸਿੱਖ ਇਤਿਹਾਸ ਅਤੇ ਕਲਾ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਯੋਗਦਾਨ ਦਾ ਜ਼ਿਕਰ ਕੀਤਾ। ਉਹਨਾਂ ਦੇ ਜਾਣ ਨਾਲ ਪੰਜਾਬੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਸ ਤੋਂ ਬਾਅਦ ਸੁਖਪ੍ਰੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਡਾ. ਸਾਹਿਬ ਜੀ.ਐਚ.ਜੀ. ਅਕੈਡਮੀਂ ਫਰਿਜ਼ਨੋ ਦੇ ਫਾਊਂਡਰ ਸਨ। ਇਸੇ ਤਰ੍ਹਾਂ ਉਨ੍ਹਾਂ ਵੱਲੋਂ ਜੁੜੀਆਂ ਪਰਿਵਾਰਾਂ ਅਤੇ ਬੱਚਿਆਂ ਦੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਅਕੈਡਮੀਂ ਵੱਲੋਂ ਸਾਲਾਨਾ ਜੁਲਾਈ ਮਹੀਨੇ ਦੇ ਵਿੱਚ ਹਰ ਸਾਲ ਦੋ ਹਫ਼ਤਿਆਂ ਦੇ ਕੈਂਪ ਤੋਂ ਬਾਅਦ ਪਿਛਲੇ 16 ਸਾਲਾਂ ਤੋਂ ਹੋਣ ਵਾਲੇ ਜੀ. ਐਚ. ਜੀ. ਅੰਤਰਰਾਸ਼ਟਰੀ ਯੁਵਕ ਭੰਗੜਾ ਮੁਕਾਬਲੇ ਦੌਰਾਨ ਪਹਿਲੇ ਇਨਾਮ ਦੀ ਟਰਾਫੀ ਨੂੰ ਡਾ. ਜੌਹਲ ਦੀ ਯਾਦ ਵਿੱਚ, ਉਨ੍ਹਾਂ ਦੇ ਨਾਮ 'ਤੇ ਸ਼ੁਰੂ ਕੀਤਾ ਜਾਵੇਗਾ ਜਿਸ ਕਾਰਜ ਲਈ ਬੋਰਡ ਮੈਂਬਰ ਸਾਹਿਬਾਨ ਦੇ ਫੈਸਲੇ ਦੀ ਸਮੂਹ ਹਾਜ਼ਰੀਨ ਨੇ ਸ਼ਲਾਘਾ ਕੀਤੀ। ਉਨ੍ਹਾਂ ਦੇ ਦੋਹਤੇ ਕਰਨਵੀਰ ਸਿੰਘ ਗਿੱਲ ਨੇ ਗੁਰੂਸਰ ਸੁਧਾਰ ਕਾਲਜ ਦੇ ਸਾਬਕਾ ਮਾਣਯੋਗ ਪ੍ਰਿੰਸੀਪਲ ਸ. ਮਨਜੀਤ ਸਿੰਘ ਖੱਟੜਾ ਦਾ ਸੁਨੇਹਾ ਸਾਂਝਾ ਕੀਤਾ। ਖੱਟੜਾ ਸਾਹਿਬ ਨੇ ਆਪਣੇ ਸੁਨੇਹੇ ਵਿੱਚ ਉਨ੍ਹਾਂ ਦੀਆਂ ਸੱਭਿਆਚਾਰਕ, ਸਮਾਜਿਕ, ਧਾਰਮਿਕ ਅਤੇ ਭੰਗੜਾ ਜਗਤ ਵਿੱਚ ਵਡਮੁੱਲੀਆਂ ਸੇਵਾਵਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਇੱਕ ਮਹਾਨ ਸੱਚੇ ਸੁੱਚੇ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਅਤੇ ਹੱਕ ਸੱਚ ਨਾਲ ਖੜਨ ਵਾਲੇ ਇਨਸਾਨ ਸਨ। ਭਾਜੀ ਦੇ 30 ਦਸੰਬਰ ਨੂੰ ਸਦੀਵੀ ਵਿਛੋੜੇ ਦੀ ਦੁਖਦਾਈ ਖ਼ਬਰ ਨਾਲ ਦੁਨੀਆਂ ਦੇ ਹਰ ਕੋਨੇ ਵਿੱਚ ਸੋਗ ਦੀ ਲਹਿਰ ਦੌੜ ਗਈ। ਉਸ ਤੋਂ ਬਾਅਦ ਜੀ.ਐਚ.ਜੀ. ਖਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਸ. ਮਨਜੀਤ ਸਿੰਘ ਖੱਟੜਾ ਨੇ ਪਰਮਜੀਤ ਸਿੰਘ ਧਾਲੀਵਾਲ ਨਾਲ ਬਹੁਤ ਹੀ ਭਰੇ ਮਨ ਨਾਲ ਵਾਰ-ਵਾਰ ਗੱਲ ਕਰਦੇ ਹੋਏ ਕਿਹਾ ਮੈਂ ਇਕੱਲਾ ਨਹੀਂ ਉਹਨਾਂ ਦੇ ਹਜ਼ਾਰਾਂ ਵਿਦਿਆਰਥੀ ਡੂੰਘੇ ਸਦਮੇ ਵਿੱਚ ਹਨ। ਉਨ੍ਹਾਂ ਕਿਹਾ ਕਿ ਦਲਜਿੰਦਰ ਵਰਗੀ ਪਵਿੱਤਰ ਸੱਚੀ ਸੁੱਚੀ ਰੂਹ ਸੇਵਾ ਦੀ ਪੁੰਜ ਦੁਨੀਆ ਤੇ ਮੁੜ ਕੇ ਨਹੀਂ ਜੰਮਣੀ।
ਇਹ ਵੀ ਪੜ੍ਹੋ : ਟਰੰਪ ਨੇ ਮੁੜ ਸੁੱਟਿਆ ਟੈਰਿਫ ਬੰਬ, ਈਰਾਨ ਨਾਲ ਕਾਰੋਬਾਰ ਕਰਨ ਵਾਲੇ ਦੇਸ਼ਾਂ 'ਤੇ ਲਾਇਆ 25% ਟੈਕਸ
ਉਸ ਤੋਂ ਪਿੱਛੋਂ ਭਾਜੀ ਦੇ ਮੁੱਢਲੇ ਦੋਸਤ ਜੋਗਿੰਦਰ ਸਿੰਘ ਯੋਗੀ ਨੇ ਆਪਣੀਆਂ ਬਚਪਨ ਤੋਂ ਅੱਜ ਤੱਕ ਪ੍ਰੋਫੈਸਰ ਸਾਹਿਬ ਨਾਲ ਬਤਾਏ ਪਲਾਂ ਨੂੰ ਸਾਂਝਾ ਕੀਤਾ। ਉਨ੍ਹਾਂ ਦੀ ਬੇਟੀ ਨਵਦੀਪ ਕੋਰ ਜੋਹਲ, ਪੋਤਰੇ ਪ੍ਰਭਸ਼ਾਨ ਸਿੰਘ ਜੌਹਲ, ਬਲ ਜੋਬਨ ਸਿੰਘ ਜੌਹਲ ਅਤੇ ਦੋਹਤੀ ਕਵੀਰੀਤ ਕੌਰ ਗਿੱਲ ਨੇ ਬਹੁਤ ਹੀ ਉਦਾਸ ਅਤੇ ਭਰੇ ਮਨ ਨਾਲ ਭਾਵੁਕ ਹੁੰਦਿਆਂ ਆਪਣੇ ਨਾਨਾ ਜੀ ਨਾਲ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਯਾਦਾਂ ਅਤੇ ਸਿੱਖਿਆਵਾਂ ਦਾ ਪ੍ਰਗਟਾਵਾ ਕਰਦਿਆਂ, ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣ ਅਤੇ ਉਨ੍ਹਾਂ ਦਾ ਹਰ ਇੱਕ ਸੁਪਨਾ ਪੂਰਾ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਦੀ ਬੇਟੀ ਕਵੀਰੀਤ ਨੇ ਮਾਂ ਬੋਲੀ ਠੇਠ ਪੰਜਾਬੀ ਵਿੱਚ ਦਿਲ ਦੀਆਂ ਗਹਿਰਾਈਆਂ ਵਿੱਚੋਂ ਆਪਣਾ ਦਰਦ ਸਾਂਝਾ ਕੀਤਾ ਅਤੇ ਅਖੀਰ ਵਿੱਚ ਢੋਲ ਤੇ ਡੱਗੇ ਨਾਲ ਨਾਨਾ ਜੀ ਨੂੰ ਭਰੇ ਮਨ ਨਾਲ ਆਖ਼ਰੀ ਵਿਦਾਇਗੀ ਦਿੰਦਿਆਂ ਉਹਨਾਂ ਤੋਂ ਅਸ਼ੀਰਵਾਦ ਲਿਆ। ਗੁਰਸਰ ਸੁਧਾਰ ਦੇ ਕਾਲਜ ਪ੍ਰਤੀ ਉਹਨਾਂ ਦੀਆਂ ਸੇਵਾਵਾਂ, ਫਰਜ਼ ਅਤੇ ਭੰਗੜਾ ਟੀਮ ਪ੍ਰਤੀ ਉਨ੍ਹਾਂ ਦੀ ਮਿਹਨਤ ਅਤੇ ਪ੍ਰਾਪਤੀਆਂ ਬਹੁਤ ਹਨ ਜਿਸ ਕਰਕੇ ਸੁਧਾਰ ਕਾਲਜ ਦਾ ਨਾਮ ਦੁਨੀਆ ਦੇ ਹਰ ਕੋਨੇ ਵਿੱਚ ਰੋਸ਼ਨ ਹੈ ਅਤੇ ਉਹਨਾਂ ਦੇ ਸ਼ਗਿਰਦ ਦੁਨੀਆ ਭਰ ਵਿੱਚ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਨਾਲ ਜੋੜ ਰਹੇ ਹਨ। ਇਸ ਗੱਲ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦੇ ਹੋਇਆ ਜੀ.ਐਚ.ਜੀ. ਖਾਲਸਾ ਕਾਲਜ ਗੁਰੂਸਰ ਸੁਧਾਰ ਦੀ ਗਵਰਨਰ ਕੌਂਸਲ ਅਤੇ ਸਟਾਫ਼ ਵੱਲੋਂ ਭੇਜਿਆ ਸੁਨੇਹਾ ਹਾਜ਼ਰੀਨ ਨਾਲ ਸਾਂਝਾ ਕੀਤਾ ਗਿਆ।
ਅੰਤ ਵਿੱਚ ਉਹਨਾਂ ਦੇ ਬਹੁਤ ਹੀ ਹੋਣਹਾਰ ਅਤੇ ਛੋਟੇ ਪੁੱਤਰ ਸਰਬਜੀਤ ਸਿੰਘ ਜੌਹਲ ਨੇ ਸਮੁੱਚੀ ਸਾਧ ਸੰਗਤ ਦਾ ਧੰਨਵਾਦ ਕੀਤਾ ਜੋ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਅਤੇ ਦੁੱਖ ਦੀ ਘੜੀ ਵਿੱਚ ਸ਼ਰੀਕ ਹੋ ਕੇ ਅੰਤਮ ਸੰਸਕਾਰ ਅਤੇ ਅਰਦਾਸ ਵਿੱਚ ਹਾਜ਼ਰ ਹਨ ਅਤੇ ਦੁਨੀਆ ਦੇ ਕੋਨੇ-ਕੋਨੇ ਵਿੱਚੋਂ ਲਾਈਵ ਪ੍ਰਸਾਰਿਤ ਰਾਹੀਂ ਸ਼ਰਧਾਂਜਲੀ ਭੇਂਟ ਕਰ ਰਹੇ ਹਨ। ਉਹਨਾਂ ਨੇ ਆਪਣੇ ਪਿਤਾ ਜੀ ਦੀ ਵਿਲੱਖਣ ਸ਼ਖਸੀਅਤ, ਸਾਦਗੀ, ਸਤਿਕਾਰ, ਪਰਿਵਾਰਕ, ਸੱਭਿਆਚਾਰ ਤੇ ਸਮਾਜਿਕ ਜ਼ਿੰਮੇਵਾਰੀ ਲਈ ਕਾਰਗੁਜ਼ਾਰੀ ਦਾ ਬਹੁਤ ਹੀ ਵਿਲੱਖਣ ਢੰਗ ਨਾਲ ਜ਼ਿਕਰ ਕੀਤਾ। ਜੌਹਲ ਪਰਿਵਾਰ ਦੇ ਵਾਰਿਸ ਬੱਚਿਆਂ ਵਿੱਚੋਂ ਡਾ: ਦਲਜਿੰਦਰ ਸਿੰਘ ਜੀ ਦੀਆਂ ਸਿੱਖਿਆਵਾਂ ,ਜ਼ਿੰਮੇਵਾਰੀਆਂ ਅਤੇ ਕੁੱਟ-ਕੁੱਟ ਕੇ ਭਰੇ ਸੰਸਕਾਰ ਦੀ ਝਲਕ ਦਿਖ ਰਹੀ ਸੀ। ਉਨ੍ਹਾਂ ਦੇ ਵਿਦਿਆਰਥੀ ਅਤੇ ਭੰਗੜਾ ਪਰਿਵਾਰ ਦੇ ਮੈਂਬਰ ਵੱਡੀ ਗਿਣਤੀ ਵਿੱਚ ਦੁਨੀਆ ਦੇ ਹਰ ਕੋਨੇ ਵਿੱਚੋਂ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਲਈ ਪਹੁੰਚੇ ਹੋਏ ਸਨ। ਅਸੀਂ “ਧਾਲੀਆਂ ਅਤੇ ਮਾਛੀਕੇ ਮੀਡੀਆ ਅਮਰੀਕਾ” ਵੱਲੋਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਨ੍ਹਾਂ ਦੀ ਪਵਿੱਤਰ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ੇ, ਸਮੂਹ ਪਰਿਵਾਰ, ਸਕੇ-ਸੰਬੰਧੀਆਂ ਅਤੇ ਦੋਸਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
