ਇਟਲੀ 'ਚ ਪਹਿਲੀ ਬਰਸੀ ਮੌਕੇ ਸਿੱਧੂ ਮੂਸੇਵਾਲਾ ਨੂੰ ਚਾਹੁੰਣ ਵਾਲਿਆਂ ਨੇ ਕੀਤਾ ਯਾਦ

Monday, May 29, 2023 - 03:29 PM (IST)

ਇਟਲੀ 'ਚ ਪਹਿਲੀ ਬਰਸੀ ਮੌਕੇ ਸਿੱਧੂ ਮੂਸੇਵਾਲਾ ਨੂੰ ਚਾਹੁੰਣ ਵਾਲਿਆਂ ਨੇ ਕੀਤਾ ਯਾਦ

ਰੋਮ (ਕੈਂਥ) - ਪੰਜਾਬੀ ਗਾਇਕਾਂ ਵਿੱਚੋਂ ਮਰਨ ਤੋਂ ਬਾਅਦ ਵੀ ਜੇਕਰ ਉਸ ਦੀ ਲੋਕਪ੍ਰਿਅਤਾ ਵਧੀ ਹੈ ਤਾਂ ਉਹ ਹੈ ਜ਼ਿਲ੍ਹਾ ਮਾਨਸਾ ਪਿੰਡ ਮੂਸੇਵਾਲਾ ਦੇ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ। ਜਿਸ ਨੂੰ ਬੇਸ਼ੱਕ ਮਨੁੱਖਤਾ ਵਿਰੋਧੀ ਅਨਸਰਾਂ ਨੇ ਸਰੀਰਕ ਤੌਰ 'ਤੇ ਖ਼ਤਮ ਕਰ ਦਿੱਤਾ ਪਰ ਉਨ੍ਹਾਂ ਸਿੱਧੂ ਨੂੰ ਮਾਰਿਆ ਨਹੀਂ ਸਗੋਂ ਅਮਰ ਕਰ ਦਿੱਤਾ। 29 ਮਈ 2022 ਨੂੰ ਪਿੰਡ ਜਵਾਹਰਕੇ ਸ਼ਾਮ 5:30 ਵਜੇ ਦੇ ਕਰੀਬ ਜਾਲਮਾਂ ਨੇ ਹਮੇਸ਼ਾ ਵਾਸਤੇ ਸਿੱਧੂ ਨੂੰ ਮੌਤ ਦੇ ਘਾਟ ਉਤਾਰ ਮਾਪਿਆਂ ਦਾ ਇਕਲੌਤਾ ਪੁੱਤ ਖੋਹ ਲਿਆ।

ਭਰੀ ਜਵਾਨੀ ਵਿੱਚ ਲਾਡਲੇ ਪੁੱਤ ਨੂੰ ਸਿਵਿਆਂ ਦੇ ਰਾਹ ਤੋਰਨਾ ਮਾਪਿਆਂ ਲਈ ਜਿਊਂਦੇ ਮਰਨ ਬਰਾਬਰ ਹੁੰਦਾ ਹੈ। ਦੁਨੀਆ ਭਰ ਦੇ ਬੋਝਾਂ ਵਿੱਚੋਂ ਪੁੱਤ ਦੀ ਅਰਥੀ ਦਾ ਭਾਰ ਸਭ ਤੋਂ ਵੱਧ ਹੁੰਦਾ ਹੈ, ਜਿਹੜਾ ਮਰਹੂਮ ਸਿੱਧੂ ਦੇ ਮਾਪਿਆਂ ਨੇ ਚੁੱਕਿਆ ਅਤੇ ਅੱਜ ਵੀ ਚੁੱਕੀ ਫਿਰਦੇ ਹਨ। ਸਿੱਧੂ ਪੰਜਾਬ ਦਾ ਉਹ ਗਾਇਕ ਸੀ, ਜਿਸ ਨੇ ਦੁਨੀਆ ਭਰ ਵਿੱਚ ਆਪਣੀ ਕਾਬਲੀਅਤ ਦੇ ਝੰਡੇ ਗੱਡੇ। ਸਿੱਧੂ ਮੂਸੇਵਾਲਾ ਇੱਕ ਗਾਇਕ, ਰੈਪਰ, ਗੀਤਕਾਰ, ਅਦਾਕਾਰ ਤੇ ਸਿਆਸਤਦਾਨ ਬਣ ਲੋਕਾਂ ਦੀਆਂ ਨਜ਼ਰਾਂ ਦਾ ਧਰੂ ਤਾਰਾ ਬਣ ਗਿਆ, ਜਿਹੜਾ ਰਹਿੰਦੀ ਦੁਨੀਆਂ ਤੱਕ ਲੋਕਾਂ ਦੇ ਦਿਲਾਂ ਉੱਪਰ ਰਾਜ ਕਰਦਾ ਰਹੇਗਾ। ਉਸ ਦੀ ਸਖ਼ਸੀਅਤ ਨੂੰ ਦੁਨੀਆ ਦੀ ਕੋਈ ਵੀ ਤਲਵਾਰ, ਹਥਿਆਰ, ਬਾਰੂਦ ਜਾਂ ਗੋਲੀ ਮਿਟਾ ਨਹੀਂ ਸਕਦੀ।

ਸੰਨ 2017 ਵਿੱਚ ਸਿੱਧੂ ਦੇ ਲਿਖੇ ਗੀਤ "ਲਾਇਸੰਸ" ਨੂੰ ਪੰਜਾਬੀ ਗਾਇਕ ਨਿੰਜਾ ਨੇ ਗਾਇਆ, ਜੋ ਬੇਹੱਦ ਮਕਬੂਲ ਹੋਇਆ। ਉਸ ਤੋਂ ਬਆਦ ਸਿੱਧੂ ਨੇ "ਸੋ ਹਾਈ" ਨੂੰ ਆਪ ਲਿਖਿਆ ਅਤੇ ਆਪ ਹੀ ਗਾਇਆ। ਇਸ ਗੀਤ ਨੇ ਸਿੱਧੂ ਨੂੰ ਸੱਚਮੁੱਚ ਹੀ 'ਸੋ ਹਾਈ' ਕਰ ਦਿੱਤਾ, ਜਿਹੜਾ ਮੌਤ ਤੋਂ ਬਆਦ ਵੀ ਹਾਈ ਹੀ ਹੁੰਦਾ ਜਾ ਰਿਹਾ ਹੈ। ਅੱਜ ਸਿੱਧੂ ਮੂਸੇਵਾਲ ਦੀ ਪਹਿਲੀ ਬਰਸੀ ਹੈ ਦੁਨੀਆ ਭਰ ਵਿੱਚ ਉਸ ਦੇ ਚਾਹੁੰਣ ਵਾਲੇ ਸਿੱਧੂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਇਟਲੀ ਵਿੱਚ ਵੀ ਪੰਜਾਬੀ ਗਾਇਕ, ਗੀਤਕਾਰ ਤੇ ਹੋਰ, ਜਿਨ੍ਹਾਂ ਵਿਚ ਇਟਲੀ ਦੇ ਪ੍ਰਸਿੱਧ ਲੋਕ ਗਾਇਕ ਮਨਜੀਤ ਲਾਂਪੁਰੀ, ਤਰਸੇਮ ਬੰਗੜ, ਪੰਮਾ ਲਧਾਣਾ, ਮਨਦੀਪ ਸਿੰਘ ਸੈਣੀ ਪਗੜੀ ਕੋਚ, ਵਿਜੈ ਸਫ਼ਰੀ, ਸੌਦਾਗਰ ਕਲਸੀ, ਬਹਾਦਰ ਕਲਸੀ ਅਸ਼ਵਨੀ ਕੁਮਾਰ ਆਦਿ ਸਿੱਧੂ ਨੂੰ ਸ਼ਰਧਾਂਜਲੀ ਦਿੰਦਿਆਂ ਯਾਦ ਕਰ ਰਹੇ ਹਨ। 


author

cherry

Content Editor

Related News