ਇਟਲੀ : ਸੰਤ ਰਾਮਾਨੰਦ ਜੀ ਅਤੇ ਚਾਰ ਮਰਜੀਵੜਿਆਂ ਨੂੰ 13ਵੇਂ ਸ਼ਹੀਦੀ ਸਮਾਗਮ ਮੌਕੇ ਭਾਵ ਭਿੰਨੀ ਸ਼ਰਧਾਂਜਲੀ

Wednesday, Jun 08, 2022 - 01:45 PM (IST)

ਇਟਲੀ : ਸੰਤ ਰਾਮਾਨੰਦ ਜੀ ਅਤੇ ਚਾਰ ਮਰਜੀਵੜਿਆਂ ਨੂੰ 13ਵੇਂ ਸ਼ਹੀਦੀ ਸਮਾਗਮ ਮੌਕੇ ਭਾਵ ਭਿੰਨੀ ਸ਼ਰਧਾਂਜਲੀ

ਰੋਮ (ਕੈਂਥ): ਸੰਨ 25 ਮਈ, 2009 ਨੂੰ ਵਿਆਨਾ (ਆਸਟਰੀਆ) ਦੀ ਧਰਤੀ 'ਤੇ ਸ਼ਹੀਦ ਹੋਏ ਸੰਤ ਰਾਮਾਨੰਦ ਜੀ ਅਤੇ ਪੰਜਾਬ (ਭਾਰਤ) ਵਿੱਚ ਸ਼ਹੀਦ ਹੋਏ ਤੇਲੂ ਰਾਮ ਜੀ, ਰਾਜਿੰਦਰ ਕੁਮਾਰ ਜੀ, ਵਿਜੇ ਕੁਮਾਰ ਜੀ, ਬਲਕਾਰ ਜੀ ਦੇ 13ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਹੀਦੀ ਸਮਾਗਮ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬਿਓ (ਬਰੇਸ਼ੀਆ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ।ਸਮਾਗਮ ਦੇ ਸ਼ੁਰੂਆਤ ਵਿੱਚ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਵਿਚੋਂ ਉਚਾਰੀ ਹੋਈ ਪਾਵਨ ਅੰਮ੍ਰਿਤ ਬਾਣੀ ਜੀ ਦੇ ਅਖੰਡ ਜਾਪ ਪਾਠਾਂ ਦੇ ਭੋਗ ਗੁਰੂ ਘਰ ਦੇ ਵਜੀਰ ਸ੍ਰੀ ਕੇਵਲ ਕ੍ਰਿਸ਼ਨ ਵਲੋਂ ਪਾਏ ਗਏ। ਉਪੰਰਤ ਕੀਰਤਨ ਦੀਵਾਨ ਸਜਾਏ ਗਏ ।ਜਿਸ ਵਿੱਚ ਭਾਈ ਜੀਵਨ ਸਿੰਘ ਦੇ ਜਥੇ ਵੱਲੋਂ ਸੰਤ ਮਹਾਂਪੁਰਸ਼ਾਂ ਦੀ ਯਾਦ ਵਿਚ ਬਰਾਗਮਈ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਗਿਆ।

PunjabKesari

ਸਟੇਜ ਸਕੱਤਰ ਸ੍ਰੀ ਦੇਸ ਰਾਜ ਅਹੀਰ ਵਲੋਂ ਸਟੇਜ ਦੀ ਕਾਰਵਾਈ ਕਰਦਿਆਂ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਵਲੋਂ ਕੀਤੇ ਮਹਾਨ ਕਾਰਜਾਂ ਬਾਰੇ ਸੰਗਤਾਂ ਨੂੰ ਜਾਗਰੂਕ ਕੀਤਾ।ਗੁਰੂ ਘਰ ਦੇ ਮੁੱਖ ਸੇਵਾਦਾਰ ਅਮਰੀਕ ਦੋਲੀਕੇ ਨੇ ਸੰਤ ਰਾਮਾਨੰਦ ਜੀ ਨੂੰ ਅਤੇ ਉਸੇ ਸੰਘਰਸ਼ ਵਿੱਚ ਸ਼ਹੀਦ ਹੋਏ ਮਾਨਯੋਗ ਤੇਲੂ ਰਾਮ ਜੀ, ਰਾਜਿੰਦਰ ਕੁਮਾਰ ਜੀ, ਵਿਜੇ ਕੁਮਾਰ ਜੀ, ਬਲਕਾਰ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਸਾਨੂੰ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹਨਾ ਚਾਹੀਦਾ ਹੈ ਅਤੇ ਉਸ 'ਤੇ ਪਹਿਰਾ ਦੇਣਾ ਚਾਹੀਦਾ ਹੈ।ਇਸ ਦੇ ਨਾਲ ਹੀ ਉਹਨਾਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਗੁਰੂ ਘਰ ਵਿੱਚ ਸਹਿਯੋਗ ਕਰਨ ਲਈ ਅਤੇ ਗੁਰੂ ਸਾਹਿਬਾਨ ਦੀ ਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ- ਯੂਕੇ: ਲੇਖਕ ਸੁਭਾਸ਼ ਭਾਸਕਰ ਤੇ ਪੱਤਰਕਾਰ ਦਲਵੀਰ ਹਲਵਾਰਵੀ ਦਾ ਬਰਮਿੰਘਮ ਵਿਖੇ ਰੂਬਰੂ ਸਮਾਗਮ 

ਸਰਬਜੀਤ ਵਿਰਕ, ਦੀਪਕ ਪਾਲ, ਬੀਬਾ ਕਮਲਜੀਤ ਕੌਰ ਗੋਜਰਾ  ਨੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਅਤੇ ਉਸ ਸੰਘਰਸ਼ ਵਿੱਚ ਸ਼ਹੀਦ ਹੋਏ ਚਾਰ ਮਰਜੀਵੜਿਆਂ ਨੂੰ ਆਪਣੇ ਵਿਚਾਰਾਂ ਰਾਹੀਂ ਸ਼ਰਧਾ ਦੇ ਫੁੱਲ ਭੇਂਟ ਕੀਤੇ।ਬੇਬੀ ਨੈਂਨਸੀ, ਜਿਸ ਨੇ ਸਕੂਲ ਵਿੱਚ ਰਵਿਦਾਸੀਆਂ ਧਰਮ 'ਤੇ ਇਟਾਲੀਅਨ ਭਾਸ਼ਾ ਵਿਚ ਪ੍ਰੋਜੈਕਟ ਤਿਆਰ ਕੀਤਾ.। ਇਸ ਬੱਚੀ ਨੂੰ ਗੁਰੂ ਘਰ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਗੁਰੂ ਘਰ ਦੇ ਸੇਵਾਦਾਰਾਂ ਵਲੋਂ ਸ਼ਹੀਦੀ ਸਮਾਗਮ 'ਤੇ ਠੰਡੇ ਅਤੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਇਸ ਸਮਾਗਮ ਵਿੱਚ ਸੰਗਤਾਂ ਵੱਲੋਂ ਭਾਰੀ ਸ਼ਮੂਲੀਅਤ ਕੀਤੀ ਗਈ।ਗੁਰੂ ਘਰ ਦੇ ਹਾਜ਼ਰ ਮੈਂਬਰ ਬਲਵੀਰ ਮਾਹੀ, ਦੀਪਕ ਪਾਲ, ਜਸਵਿੰਦਰ ਜੱਸੀ, ਭੁਪਿੰਦਰ ਕੁਮਾਰ, ਕੇਵਲ ਕ੍ਰਿਸ਼ਨ, ਪਰਮਜੀਤ ਗੋਜਰਾ, ਅਨਿਲ ਕੁਮਾਰ ਟੂਰਾ, ਪਰਮਜੀਤ ਸਿੰਘ ਗਿੱਲ, ਰਛਪਾਲ ਪਾਲੋ, ਸੋਨੂੰ ਮਾਹੀ, ਬਲਜੀਤ ਸਿੰਘ, ਮਨੂੰ, ਜਗਜੀਤ ਆਦਿ ਮੌਜੂਦ ਸਨ।


author

Vandana

Content Editor

Related News