ਅਮਰੀਕਾ ਨੇ ਫੈਂਟੇਨਿਲ ਦੀ ਤਸਕਰੀ ਕਰਨ ਦੇ ਦੋਸ਼ 'ਚ ਚੀਨੀ ਨਾਗਰਿਕ 'ਤੇ ਲਾਈ ਪਾਬੰਦੀ
Saturday, Aug 29, 2020 - 04:11 PM (IST)

ਵਾਸ਼ਿੰਗਟਨ- ਅਮਰੀਕਾ ਦੇ ਖਜ਼ਾਨਾ ਵਿਭਾਗ ਦੇ ਵਿਦੇਸ਼ੀ ਸੰਪਤੀ ਨਿਯੰਤਰਣ ਦਫਤਰ (ਓ. ਐੱਫ. ਏ. ਸੀ.) ਨੇ ਇਕ ਚੀਨੀ ਨਾਗਰਿਕ ਨੂੰ ਨਸ਼ੀਲੀ ਦਵਾਈ ਫੈਂਟੇਨਿਲ ਦਾ ਤਸਕਰ ਘੋਸ਼ਿਤ ਕਰਦੇ ਹੋਏ ਉਸ ਉੱਤੇ ਪਾਬੰਦੀ ਲਗਾਈ ਹੈ। ਦੋਸ਼ ਹੈ ਕਿ ਤਾਓਟਾਓ ਝਾਂਗ ਨੇ ਅਮਰੀਕਾ ਵਿਚ ਕਈ ਪਰਿਵਾਰਾਂ ਨੂੰ ਉਜਾੜਨ ਵਾਲੇ ਇਸ ਨਸ਼ੇ ਦੀ ਤਸਕਰੀ ਕੀਤੀ ਹੈ।ਡਿਪਟੀ ਸਕੱਤਰ ਜਸਟਿਨ ਜੀ ਮੁਜ਼ੀਨਿਚ ਨੇ ਕਿਹਾ ਕਿ ਇਸ ਜਾਨਲੇਵਾ ਨਸ਼ੀਲੇ ਪਦਾਰਥ ਨੇ ਸੰਯੁਕਤ ਰਾਜ ਅਮਰੀਕਾ ਵਿਚ ਤਬਾਹੀ ਮਚਾਈ ਹੈ ਤੇ ਇਸ ਕਾਰਨ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ।
ਅਸਲ ਵਿਚ ਇਸ ਦਵਾਈ ਦੀ ਵਰਤੋਂ ਕੈਂਸਰ ਦੇ ਰੋਗੀਆਂ ਨੂੰ ਹੋਣ ਵਾਲੇ ਬਹੁਤ ਜ਼ਿਆਦਾ ਦਰਦ ਨੂੰ ਘਟਾਉਣ ਲਈ ਦਿੱਤੀ ਜਾਂਦੀ ਹੈ ਪਰ ਲੋਕ ਇਸ ਦੀ ਗਲਤ ਵਰਤੋਂ ਕਰਕੇ ਨਸ਼ਾ ਕਰਦੇ ਹਨ ਤੇ ਓਵਰਡੋਜ਼ ਕਾਰਨ ਹਰ ਸਾਲ ਹਜ਼ਾਰਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ। ਅਮਰੀਕੀ ਅਧਿਕਾਰੀਆਂ ਨੇ ਹਾਂਗਕਾਂਗ ਸਥਿਤ ਐਲਰਾਈਜ ਟੈਕਨਾਲੋਜੀ ਗਰੁੱਪ ਕੋ. ਲਿਮਿਟਡ ਨੂੰ ਵੀ ਬਲੈਕਲਿਸਟ ਕਰ ਦਿੱਤਾ ਹੈ, ਜਿਸ ਵਿਚ ਝਾਂਗ ਨਿਰਦੇਸ਼ਕ ਹੈ।
ਫੈਂਟੇਨਿਲ ਇਕ ਸਸਤੀ ਨਸ਼ੀਲੀ ਦਰਦ ਨਿਵਾਰਕ ਦਵਾਈ ਹੈ, ਜੋ ਹੈਰੋਈਨ ਦੀ ਤੁਲਨਾ ਵਿਚ 50 ਗੁਣਾ ਵਧੇਰੇ ਸ਼ਕਤੀਸ਼ਾਲੀ ਹੈ। ਸਾਲ 2017 ਵਿਚ ਇਸ ਕਾਰਨ 28,000 ਤੋਂ ਵੱਧ ਲੋਕਾਂ ਦੀ ਜਾਨ ਇਸੇ ਨਸ਼ੀਲੀ ਦਵਾਈ ਕਾਰਨ ਹੋਈ ਸੀ। ਉਪ ਸਕੱਤਰ ਜੀ. ਮੁਜ਼ੀਨਿਚ ਨੇ ਕਿਹਾ ਕਿ ਅਮਰੀਕਾ ਅਜਿਹੇ ਅਪਰਾਧੀਆਂ ਤੇ ਤਸਕਰਾਂ ਨੂੰ ਮੁਆਫ ਨਹੀਂ ਕਰੇਗਾ ਤੇ ਸਖ਼ਤ ਕਾਰਵਾਈ ਲਈ ਜ਼ਰੂਰੀ ਕਦਮ ਚੁੱਕੇਗਾ।
ਅਧਿਕਾਰੀਆਂ ਨੇ ਦੱਸਿਆ ਕਿ ਝਾਂਗ ਨੇ ਇਸ ਨਸ਼ੀਲੇ ਪਦਾਰਥ ਨੂੰ ਲੁਕੋ ਕੇ ਅਮਰੀਕਾ ਪਹੁੰਚਾਇਆ, ਜਿਸ ਵਿਚੋਂ ਕਈ ਨਸ਼ੀਲੀਆਂ ਗੋਲੀਆਂ ਬਣਾ ਕੇ ਵੇਚੀਆਂ ਗਈਆਂ। ਉੱਤਰੀ ਅਮਰੀਕਾ ਵਿਚ ਸਭ ਤੋਂ ਵੱਧ ਫੈਂਟੇਨਿਲ ਚੀਨ ਤੋਂ ਹੀ ਆਉਂਦਾ ਹੈ।