ਕੈਨੇਡੀਅਨ ਐਡਵਾਈਜ਼ਰੀ: ਨਾ ਜਾਓ ਪੰਜਾਬ, ਭਾਰਤ ''ਚ ਹੋ ਸਕਦੇ ਹਨ ਅੱਤਵਾਦੀ ਹਮਲੇ
Thursday, Feb 21, 2019 - 01:30 AM (IST)

ਟੋਰਾਂਟੋ— ਭਾਰਤ 'ਚ ਕਿਸੇ ਵੀ ਵੇਲੇ ਤੇ ਕਿਸੇ ਵੀ ਇਲਾਕੇ 'ਚ ਅੱਤਵਾਦੀ ਹਮਲੇ ਹੋਣ ਦਾ ਡਰ ਪ੍ਰਗਟਾਉਂਦਿਆਂ ਕੈਨੇਡੀਅਨ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਫੇਰੀ ਦੌਰਾਨ ਬੇਹੱਦ ਚੌਕਸ ਰਹਿਣ ਲਈ ਕਿਹਾ ਹੈ। ਇਸ ਦੇ ਨਾਲ ਹੀ ਕੈਨੇਡੀਅਨਾਂ ਨੂੰ ਪੰਜਾਬ, ਗੁਜਰਾਤ ਤੇ ਰਾਜਸਥਾਨ ਸਣੇ ਪਾਕਿਸਤਾਨ ਤੇ ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦੇ ਸੂਬਿਆਂ 'ਚ ਜਾਣ ਤੋਂ ਵੀ ਪਰਹੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ। ਸਮਝਿਆ ਜਾ ਰਿਹਾ ਹੈ ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਕੈਨੇਡਾ ਦੀ ਸਰਕਾਰ ਨੇ ਨਵੇਂ ਯਾਤਰਾ ਸੁਝਾਅ ਜਾਰੀ ਕੀਤੇ ਹਨ।
ਸੁਝਾਅ ਤਹਿਤ ਕੈਨੇਡੀਅਨ ਨਾਗਰਿਕਾਂ ਨੂੰ ਅਰੁਣਾਚਲ ਪ੍ਰਦੇਸ਼, ਅਸਾਮ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ ਤੇ ਜੰਮੂ-ਕਸ਼ਮੀਰ ਜਾਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ। ਭਾਰਤ ਤੋਂ ਇਲਾਵਾ ਇੰਡੋਨੇਸ਼ੀਆ, ਵੈਨੇਜ਼ੁਏਲਾ, ਫਿਲਪੀਨਜ਼, ਬ੍ਰਾਜ਼ੀਲ, ਫਰਾਂਸ, ਜੌਰਡਨ, ਟਿਊਨੀਸ਼ੀਆ, ਜਮਾਇਕਾ ਤੇ ਮੈਡਾਗਾਸਕਰ ਆਦੀ ਦੇਸ਼ਾਂ 'ਚ ਜਾਣ ਸਮੇਂ ਵੀ ਚੌਕਸੀ ਵਰਤਣ ਦੀ ਸਲਾਹ ਜਾਰੀ ਕੀਤੀ ਗਈ ਹੈ। ਫਰਾਂਸ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਯੂਰਪੀ ਮੁਲਕ ਦੀ ਫੇਰੀ ਦੌਰਾਨ ਵਧੇਰੇ ਚੌਕਸੀ ਵਰਤੀ ਜਾਵੇ, ਜਿਥੇ ਅੱਤਵਾਦੀ ਹਮਲੇ ਦਾ ਖਤਰਾ ਬਹੁਤ ਜ਼ਿਆਦਾ ਹੈ।