ਕ੍ਰੀਮੀਆ ਤੋਂ ਮਾਸਕੋ ਜਾਣ ਵਾਲੀਆਂ ਟਰੇਨਾਂ ’ਚ ਭਾਰਤੀ ਰਵਾਨਾ, ਖੜ੍ਹੇ ਹੋ ਕੇ ਕਰਨਾ ਪਵੇਗਾ 34 ਘੰਟੇ ਸਫ਼ਰ

03/06/2022 4:53:33 PM

ਜਲੰਧਰ (ਪੁਨੀਤ)–ਅੱਜ ਕ੍ਰੀਮੀਆ ਤੋਂ 400 ਦੇ ਲੱਗਭਗ ਵਿਦਿਆਰਥੀਆਂ ਨੂੰ ਟਰੇਨ ਜ਼ਰੀਏ ਮਾਸਕੋ ਰਵਾਨਾ ਕੀਤਾ ਗਿਆ ਪਰ ਸੈਂਕੜੇ ਵਿਦਿਆਰਥੀਆਂ ਨੂੰ ਮਾਸਕੋ ਪਹੁੰਚਣ ਲਈ 34 ਘੰਟੇ ਦਾ ਸਫ਼ਰ ਖੜ੍ਹੇ ਹੋ ਕੇ ਤੈਅ ਕਰਨਾ ਪਵੇਗਾ। ਜਲੰਧਰ ਦੇ ਰਹਿਣ ਵਾਲੇ ਹੈਰੀ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਯੂਕ੍ਰੇਨ ਛੱਡ ਦਿੱਤਾ। ਕ੍ਰੀਮੀਆ ਤੋਂ 8 ਵਜੇ ਚੱਲਣ ਵਾਲੀ ਉਕਤ ਟਰੇਨ (ਭਾਰਤੀ ਸਮੇਂ ਅਨੁਸਾਰ 10.45 ਵਜੇ) ਲੰਮਾ ਸਫਰ ਤੈਅ ਕਰ ਕੇ ਮਾਸਕੋ ਪਹੁੰਚੇਗੀ। ਰੁਟੀਨ ਵਿਚ ਇਸ ਟਰੇਨ ਵਿਚ ਭੀੜ ਨਹੀਂ ਹੁੰਦੀ ਪਰ ਹੁਣ ਵਿਦਿਆਰਥੀਆਂ ਦੀ ਗਿਣਤੀ ਕਾਰਨ ਟਰੇਨ ਵਿਚ ਸੈਲਾਬ ਉਮੜ ਰਿਹਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਜੇਕਰ ਰਾਹਤ ਦੇਣ ਲਈ ਕ੍ਰੀਮੀਆ, ਸਿਮਫਰੋਪਲ ਦਾ ਏਅਰਪੋਰਟ ਖੋਲ੍ਹਿਆ ਜਾਵੇ ਤਾਂ ਇਸ ਨਾਲ ਵੱਡੀ ਰਾਹਤ ਮਿਲੇਗੀ ਅਤੇ ਉਨ੍ਹਾਂ ਨੂੰ 34 ਘੰਟੇ ਦਾ ਸਫਰ ਤੈਅ ਕਰ ਕੇ ਮਾਸਕੋ ਜਾਣ ਦੀ ਲੋੜ ਨਹੀਂ ਪਵੇਗੀ। ਇਸ ਤੋਂ ਪਹਿਲਾਂ ਉਹ ਭਾਰਤ ਆਉਣ-ਜਾਣ ਲਈ ਸਿਮਫਰੋਪਲ ਦੇ ਏਅਰਪੋਰਟ ਦੀ ਵਰਤੋਂ ਕਰਦੇ ਸਨ, ਜਿਹੜਾ ਕਿ ਯੂਨੀਵਰਸਿਟੀ ਦੇ ਬਹੁਤ ਨੇੜੇ ਹੈ। ਹੈਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕ੍ਰੀਮੀਆ ਵਿਚ ਬੰਬਾਰੀ ਵਰਗੀਆਂ ਘਟਨਾਵਾਂ ਨਹੀਂ ਹੋਈਆਂ ਸਨ ਪਰ ਉਥੇ ਲੋਕ ਡਰ ਚੁੱਕੇ ਹਨ ਕਿਉਂਕਿ ਜੇਕਰ ਕ੍ਰੀਮੀਆ ਵਿਚ ਬੰਬਾਰੀ ਹੁੰਦੀ ਹੈ ਤਾਂ ਸਭ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਲੀਪਰ ਕਲਾਸ ’ਚ ਉਨ੍ਹਾਂ ਟਿਕਟ ਬੁੱਕ ਕਰਵਾਈ ਸੀ ਪਰ ਉਥੋਂ ਦੇ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਕਈਆਂ ਲਈ ਬੈਠਣ ਵਾਸਤੇ ਸੀਟਾਂ ਹੀ ਨਹੀਂ ਬਚੀਆਂ।

PunjabKesari

ਕੱਲ 200 ਭਾਰਤੀ ਛੱਡਣਗੇ ਕ੍ਰੀਮੀਆ, ਟਰੇਨ ’ਚ ਹੋਈ ਬੁਕਿੰਗ
ਵਿਦਿਆਰਥੀਆਂ ਨੇ ਦੱਸਿਆ ਕਿ ਐਤਵਾਰ ਨੂੰ ਵਾਪਸ ਪਰਤਣ ਲਈ 200 ਦੇ ਤਕਰੀਬਨ ਭਾਰਤੀਆਂ ਨੇ ਮਾਸਕੋ ਲਈ ਟਿਕਟਾਂ ਬੁੱਕ ਕਰਵਾ ਲਈਆਂ ਹਨ। ਉਹ ਕੱਲ ਕ੍ਰੀਮੀਆ ਛੱਡ ਦੇਣਗੇ। ਇਥੇ ਹੁਣ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਕ੍ਰੀਮੀਆ ਵਿਚ ਇਸ ਸਮੇਂ ਦੁੱਧ, ਦਹੀਂ ਤੇ ਸਬਜ਼ੀਆਂ ਦੀਆਂ ਕੀਮਤਾਂ ਵਿਚ 80 ਫੀਸਦੀ ਦਾ ਵਾਧਾ ਹੋ ਚੁੱਕਾ ਹੈ, ਜਦਕਿ ਪਾਣੀ ਦੀਆਂ ਬੋਤਲਾਂ ਦੁੱਗਣੀ ਕੀਮਤ ’ਤੇ ਵਿਕ ਰਹੀਆਂ ਹਨ, ਜਿਸ ਕਾਰਨ ਵਿਦਿਆਰਥੀ ਪਾਣੀ ਦੀ ਥਾਂ ਪੀਣ ਵਾਲੇ ਪਦਾਰਥ ਦੀ ਵਰਤੋਂ ਨੂੰ ਬਿਹਤਰ ਸਮਝ ਰਹੇ ਹਨ।
 


Manoj

Content Editor

Related News