ਟੋਰਾਂਟੋ ਵਾਸੀਆਂ ਨੂੰ ਕੁਦਰਤ ਨੇ ਦਿੱਤਾ ''ਚਿੱਟੀ ਕ੍ਰਿਸਮਸ'' ਦਾ ਤੋਹਫਾ

Friday, Dec 25, 2020 - 01:23 PM (IST)

ਟੋਰਾਂਟੋ- ਕੈਨੇਡਾ ਵਿਚ ਕ੍ਰਿਸਮਸ ਤੋਂ ਇਕ ਦਿਨ ਪਹਿਲਾਂ ਬਰਫਬਾਰੀ ਹੋਈ ਹੈ ਤੇ ਲੋਕਾਂ ਨੂੰ ਇਸ ਵਾਰ ਕ੍ਰਿਸਮਸ ਦਾ ਚਿੱਟਾ ਤੋਹਫਾ ਮਿਲਿਆ ਹੈ। ਟੋਰਾਂਟੋ ਵਾਸੀਆਂ ਨੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਪੂਰਾ ਜੀ. ਟੀ. ਏ. ਬਰਫ ਦੀ ਚਾਦਰ ਨਾਲ ਢੱਕ ਗਿਆ ਹੈ। ਕੁਝ ਦਿਨ ਪਹਿਲਾਂ ਵਾਤਾਵਰਣ ਕੈਨੇਡਾ ਨੇ ਕਿਹਾ ਸੀ ਕਿ ਕ੍ਰਿਸਮਸ ਤੱਕ ਸੂਬੇ ਵਿਚ ਬਰਫੀਲਾ ਤੂਫਾਨ ਆ ਸਕਦਾ ਹੈ ਤੇ ਭਾਰੀ ਮੀਂਹ ਵੀ ਪਵੇਗਾ।
 
ਲੋਕਾਂ ਨੇ ਬਰਫ ਨਾਲ ਸਨੋਅ ਮੈਨ ਤੇ ਸਾਂਤਾ ਕਲਾਜ਼ ਬਣਾਇਆ। ਲੋਕਾਂ ਨੇ ਦੱਸਿਆ ਕਿ ਉਂਝ ਤਾਂ ਕ੍ਰਿਸਮਸ ਉਨ੍ਹਾਂ ਲਈ ਹਮੇਸ਼ਾ ਖੁਸ਼ੀ ਵਾਲਾ ਤਿਉਹਾਰ ਹੁੰਦੀ ਹੈ ਪਰ ਜੇ ਇਸ ਦਿਨ ਬਰਫ ਪੈ ਜਾਵੇ ਤਾਂ ਨਜ਼ਾਰਾ ਵਧੀਆ ਹੋ ਜਾਂਦਾ ਹੈ। ਸਵੇਰ ਸਮੇਂ ਤਾਂ ਹਲਕੀ ਬਾਰਸ਼ ਨਾਲ ਸ਼ੁਰੂਆਤ ਹੋਈ ਸੀ ਪਰ ਹੌਲੀ-ਹੌਲੀ ਸ਼ਾਮ ਤੱਕ ਇਹ ਤੇਜ਼ ਹੋਣ ਦੇ ਆਸਾਰ ਹਨ।  

ਟੋਰਾਂਟੋ ਆਵਾਜਾਈ ਵਿਭਾਗ ਵਲੋਂ ਲੋਕਾਂ ਨੂੰ ਸਫਰ ਦੌਰਾਨ ਵਧੇਰੇ ਧਿਆਰ ਰੱਖਣ ਤੇ ਵਾਹਨਾਂ ਨੂੰ ਸਾਵਧਾਨੀ ਨਾਲ ਚਲਾਉਣ ਦੀ ਸਲਾਹ ਦਿੱਤੀ ਹੈ। ਸ਼ਾਮ ਤੱਕ ਸੜਕਾਂ 'ਤੇ ਤਿਲਕਣ ਹੋਰ ਵਧਣ ਦਾ ਖਦਸ਼ਾ ਹੈ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਵਲੋਂ ਚਿਤਾਵਨੀ ਜਾਰੀ ਕੀਤੀ ਗਈ ਸੀ ਕਿ ਵੀਰਵਾਰ ਦੁਪਹਿਰ ਸਮੇਂ ਨਿਆਗਰਾ ਫਾਲਜ਼, ਵੈੱਲਲੈਂਡ, ਗ੍ਰਿਮਸਬੀ ਅਤੇ ਸੈਂਟ ਕੈਥਰਿਨਜ਼ ਵਿਚ ਭਾਰੀ ਬਰਫਬਾਰੀ ਹੋਣ ਦੇ ਆਸਾਰ ਹਨ। ਹੋ ਸਕਦਾ ਹੈ ਕਿ 20 ਸੈਂਟੀਮੀਟਰ ਤਕ ਬਰਫਬਾਰੀ ਹੋਵੇ। ਪੀਅਰਸਨ ਕੌਮਾਂਤਰੀ ਹਵਾਈ ਅੱਡੇ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਸਮੇਂ ਤੋਂ ਪਹਿਲਾਂ ਘਰੋਂ ਨਿਕਲਣ ਤਾਂ ਕਿ ਉਹ ਦੇਰ ਨਾਲ ਨਾ ਪੁੱਜਣ ਤੇ ਸੜਕ ਹਾਦਸਿਆਂ ਨੂੰ ਵੀ ਘਟਾਇਆ ਜਾ ਸਕੇ। 


Lalita Mam

Content Editor

Related News