ਕੋਰੋਨਾ ਮਰੀਜ਼ਾਂ ਨਾਲ ਭਰੇ ਹਸਪਤਾਲ, ਲਗਾਤਾਰ ਹੋ ਰਹੀਆਂ ਮੌਤਾਂ ਦੇਖ ਡਾਕਟਰਾਂ ਦਾ ਪਸੀਜਿਆ ਦਿਲ
Tuesday, Nov 24, 2020 - 11:05 AM (IST)
ਟੋਰਾਂਟੋ- ਕੈਨੇਡਾ ਵਿਚ ਕੋਰੋਨਾ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਟੋਰਾਂਟੋ ਦੇ ਇਕ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦੀ ਹਸਪਤਾਲ ਵਿਚ ਡਿਊਟੀ ਦੌਰਾਨ ਕੋਰੋਨਾ ਨਾਲ ਜੂਝ ਰਹੇ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਕਾਰਨ ਉਹ ਬਹੁਤ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ 36 ਘੰਟਿਆਂ ਵਿਚ 3 ਲੋਕਾਂ ਨੇ ਦਮ ਤੋੜ ਦਿੱਤਾ ਹੈ। ਉਨ੍ਹਾਂ ਨੇ ਸ਼ਾਪਿੰਗ ਮਾਲਜ਼ ਵਿਚ ਘੁੰਮ ਰਹੇ ਲੋਕਾਂ 'ਤੇ ਗੁੱਸਾ ਪ੍ਰਗਟ ਕਰਦਿਆਂ ਕਿਹਾ ਕਿ ਲੋਕ ਛੁੱਟੀਆਂ ਦੌਰਾਨ ਭੀੜ ਜਮ੍ਹਾਂ ਕਰਕੇ ਖਰੀਦਦਾਰੀ ਕਰ ਰਹੇ ਹਨ ਤੇ ਬਾਅਦ ਵਿਚ ਕੋਰੋਨਾ ਦੇ ਸ਼ਿਕਾਰ ਹੋ ਕੇ ਆਪਣੀ ਜਾਨ ਨੂੰ ਖਤਰੇ ਵਿਚ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਮਰੀਜ਼ਾਂ ਨਾਲ ਹਸਤਾਲ ਭਰ ਰਹੇ ਹਨ।
ਉਨ੍ਹਾਂ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਹਸਪਤਾਲ ਦੇ ਵਾਰਡ ਦੇ ਅੰਦਰ ਦੀ ਦੁਨੀਆ ਹੋਰ ਹੈ ਤੇ ਬਾਹਰ ਦੀ ਦੁਨੀਆ ਹੋਰ ਹੈ, ਜੋ ਰਾਤ-ਦਿਨ ਕੋਰੋਨਾ ਪਾਬੰਦੀਆਂ ਨੂੰ ਤੋੜਦੇ ਹੋਏ ਕੋਰੋਨਾ ਨੂੰ ਸੱਦਾ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਉਹ ਹਸਪਤਾਲ ਵਿਚ ਮਰੀਜ਼ਾਂ ਦੀ ਦੇਖਭਾਲ ਕਰਦੇ ਹਨ ਤੇ ਉਨ੍ਹਾਂ ਦੇ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਨ ਪਰ ਜਦ ਕੋਈ ਜ਼ਿੰਦਗੀ ਹਾਰ ਜਾਂਦਾ ਹੈ ਤਾਂ ਉਨ੍ਹਾਂ ਨੂੰ ਬਹੁਤ ਤਕਲੀਫ਼ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਵੀ ਕਿਸੇ ਪਰਿਵਾਰ ਦੇ ਮੈਂਬਰ ਸਨ, ਜਿਨ੍ਹਾਂ ਦੇ ਮਰ ਜਾਣ ਦੀ ਖ਼ਬਰ ਇਕ ਡਾਕਟਰ ਹੋਣ ਦੇ ਨਾਤੇ ਉਨ੍ਹਾਂ ਨੂੰ ਦੇਣੀ ਪਈ ਤੇ ਉਸ ਸਮੇਂ ਉਨ੍ਹਾਂ ਨੂੰ ਵੀ ਦੁੱਖ ਲੱਗਦਾ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਲੋਕ ਆਪਣਾ ਵਧੇਰੇ ਧਿਆਨ ਰੱਖਣ ਅਤੇ ਆਪਣੇ ਪਰਿਵਾਰ ਵਾਲਿਆਂ ਬਾਰੇ ਸੋਚਣ। ਜ਼ਿਕਰਯੋਗ ਹੈ ਕਿ ਟੋਰਾਂਟੋ ਤੇ ਪੀਲ ਰੀਜਨ ਵਿਚ ਤਾਲਾਬੰਦੀ ਹੋ ਗਈ ਹੈ ਤੇ ਇਸ ਤੋਂ ਪਹਿਲਾਂ ਭਾਰੀ ਭੀੜ ਸ਼ਾਪਿੰਗ ਮਾਲਾਂ ਵਿਚ ਖਰੀਦਦਾਰੀ ਕਰਦੀ ਦੇਖੀ ਗਈ।