ਟੋਰਾਂਟੋ ''ਚ 1300 ਸਿਹਤ ਕਾਮਿਆਂ ਨੂੰ ਲੱਗੇਗਾ ਫਾਈਜ਼ਰ ਦਾ ਕੋਰੋਨਾ ਟੀਕਾ

Thursday, Jan 07, 2021 - 01:25 PM (IST)

ਟੋਰਾਂਟੋ- ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਕੱਲ ਤੋਂ 1300 ਸਿਹਤ ਕਾਮਿਆਂ ਨੂੰ ਕੋਰੋਨਾ ਤੋਂ ਬਚਾਅ ਲਈ ਫਾਈਜ਼ਰ ਟੀਕਾ ਲੱਗੇਗਾ। ਬੁੱਧਵਾਰ ਨੂੰ ਮੇਅਰ ਜੋਹਨ ਟੋਰੀ ਨੇ ਦੱਸਿਆ ਕਿ 3 ਹਸਪਤਾਲਾਂ ਨੂੰ ਇਸ ਲਈ ਚੁਣਿਆ ਗਿਆ ਹੈ। ਸਨੀਬਰੂਕ ਹੈਲਥ ਸਾਇੰਸ ਸੈਂਟਰ, ਹੰਬਰ ਰਿਵਰ ਹਸਪਤਾਲ ਅਤੇ ਯੂਨੀਵਰਸਿਟੀ ਹੈਲਥ ਨੈੱਟਵਰਕ ਵਿਚ ਹਰ ਰੋਜ਼ 50-50 ਸਿਹਤ ਕਾਮਿਆਂ ਨੂੰ ਕੋਰੋਨਾ ਦਾ ਟੀਕਾ ਲਾਇਆ ਜਾਵੇਗਾ। 

ਮੇਅਰ ਨੇ ਕਿਹਾ ਕਿ ਇਨ੍ਹਾਂ ਸਿਹਤ ਕਾਮਿਆਂ ਨੇ ਕੋਰੋਨਾ ਵਾਇਰਸ ਪੀੜਤਾਂ ਦੇ ਇਲਾਜ ਲਈ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਫਰੰਟਲਾਈਨ ਕਾਮਿਆਂ ਨੂੰ ਕੋਰੋਨਾ ਤੋਂ ਬਚਾਅ ਲਈ ਟੀਕੇ ਲੱਗਣਗੇ। ਮੇਅਰ ਨੇ ਕਿਹਾ ਕਿ ਕੈਨੇਡਾ ਨੇ ਸਿਰਫ ਦੋ ਕੰਪਨੀਆਂ ਦੇ ਕੋਰੋਨਾ ਟੀਕਿਆਂ ਨੂੰ ਹੀ ਇਜਾਜ਼ਤ ਦਿੱਤੀ ਹੈ, ਇਸ ਲਈ ਅਜੇ ਘੱਟ ਗਿਣਤੀ ਵਿਚ ਹੀ ਕੋਰੋਨਾ ਟੀਕੇ ਉਪਲੱਬਧ ਹੋਏ ਹਨ। 

ਜ਼ਿਕਰਯੋਗ ਹੈ ਕਿ ਓਂਟਾਰੀਓ ਸਰਕਾਰ ਨੇ ਯੋਜਨਾ ਬਣਾਈ ਹੈ ਕਿ 21 ਜਨਵਰੀ ਤੱਕ ਟੋਰਾਂਟੋ, ਪੀਲ ਰੀਜਨ, ਯਾਰਕ ਰੀਜਨ ਅਤੇ ਵਿੰਡਸਰ ਐਸੈਕਸ ਕਾਊਂਟੀ ਦੇ ਸਾਰੇ ਲਾਂਗ ਟਰਮ ਕੇਅਰ ਸੈਂਟਰਾਂ ਵਿਚ ਰਹਿਣ ਵਾਲੇ ਲੋਕਾਂ ਤੇ ਸਟਾਫ਼ ਨੂੰ ਕੋਰੋਨਾ ਤੋਂ ਬਚਾਅ ਲਈ ਟੀਕਾ ਲਾਇਆ ਜਾ ਸਕੇਗਾ। ਟੋਰਾਂਟੋ ਵਿਚ 87 ਲਾਂਗ ਟਰਮ ਕੇਅਰ ਹੋਮ ਹਨ, ਜਿਨ੍ਹਾਂ ਵਿਚੋਂ ਕੁਝ ਤੱਕ ਕੋਰੋਨਾ ਟੀਕੇ ਪੁੱਜ ਚੁੱਕੇ ਹਨ। 


Lalita Mam

Content Editor

Related News