ਕੈਨੇਡਾ ''ਚ ਆਏ ਦੋ ਚੱਕਰਵਾਤੀ ਤੂਫਾਨ, ਕਈ ਲੋਕ ਹੋਏ ਜ਼ਖਮੀ (ਵੀਡੀਓ)
Saturday, Sep 22, 2018 - 02:19 PM (IST)
ਓਟਾਵਾ(ਏਜੰਸੀ)— ਕੈਨੇਡਾ ਦੇ ਸੂਬੇ ਕਿਊਬਿਕ ਅਤੇ ਓਟਾਵਾ 'ਚ ਦੋ ਚੱਕਰਵਾਤੀ ਤੂਫਾਨ ਆਉਣ ਕਾਰਨ ਹਰ ਪਾਸੇ ਤਬਾਹੀ ਦਾ ਮੰਜ਼ਰ ਹੈ। ਤੇਜ਼ ਮੀਂਹ ਅਤੇ ਹਨੇਰੀ ਕਾਰਨ ਡਨਰੋਬਿਨ ਅਤੇ ਗੈਟੀਨਿਊ ਖੇਤਰਾਂ 'ਚ ਬੁਰਾ ਹਾਲ ਹੋਇਆ ਹੈ। ਸੜਕਾਂ 'ਤੇ ਵਾਹਨ, ਦਰੱਖਤ, ਲੱਕੜਾਂ ਨਾਲ ਬਣੇ ਘਰਾਂ ਦੇ ਹਿੱਸੇ ਆਦਿ ਡਿੱਗੇ ਹੋਏ ਹਨ। ਇੱਥੇ ਸ਼ੁੱਕਰਵਾਰ ਨੂੰ ਸ਼ਾਮ 5.45 ਵਜੇ ਤੂਫਾਨ ਨੇ ਤਬਾਹੀ ਮਚਾਈ। ਦਰੱਖਤਾਂ ਅਤੇ ਖੰਭਿਆਂ ਦੇ ਡਿੱਗਣ ਕਾਰਨ ਬਿਜਲੀ ਸੇਵਾ ਬੰਦ ਹੋ ਗਈ ਹੈ। ਇਕ ਰਿਪੋਰਟ ਮੁਤਾਬਕ ਲਗਭਗ ਹਜ਼ਾਰਾਂ ਘਰਾਂ ਦੀ ਬੱਤੀ ਗੁੱਲ ਹੈ। ਓਟਾਵਾ ਐਮਰਜੈਂਸੀ ਐਂਡ ਪ੍ਰੋਟੈਕਟਿਵ ਸਰਵਿਸਸ ਦੇ ਮੁਖੀ ਐਂਥਨੀ ਡੀ ਮੋਨਟੇ ਨੇ ਦੱਸਿਆ ਕਿ ਤੂਫਾਨ ਕਾਰਨ ਲਗਭਗ 30 ਵਿਅਕਤੀ ਜ਼ਖਮੀ ਹੋ ਗਏ ਹਨ, ਜਿਨ੍ਹਾਂ 'ਚੋਂ 5 ਗੰਭੀਰ ਰੂਪ 'ਚ ਜ਼ਖਮੀ ਹਨ। ਓਟਾਵਾ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਤਕ ਉਨ੍ਹਾਂ ਕੋਲ 6 ਮਰੀਜ਼ ਪੁੱਜੇ, ਜਿਨ੍ਹਾਂ 'ਚੋਂ 2 ਦੀ ਹਾਲਤ ਗੰਭੀਰ ਹੈ।
ਸੋਸ਼ਲ ਮੀਡੀਆ 'ਤੇ ਛਾਈਆਂ ਤਸਵੀਰਾਂ 'ਚ ਦੇਖ ਕੇ ਪਤਾ ਲੱਗਦਾ ਹੈ ਕਿ ਕਈ ਘਰਾਂ ਦੀਆਂ ਛੱਤਾਂ ਤਕ ਉੱਡ ਗਈਆਂ। ਓਟਾਵਾ ਦੇ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਤੂਫਾਨ ਕਾਰਨ ਗਰੀਨਬੈਂਕ ਰੋਡ ਇਲਾਕੇ 'ਚ ਕਾਫੀ ਨੁਕਸਾਨ ਹੋਇਆ।
ਉਨ੍ਹਾਂ ਦੱਸਿਆ ਕਿ ਹਾਈਵੇਅ 50 ਨੇੜਲੇ ਇਲਾਕੇ ਗੈਟੀਨਿਊ 'ਚ ਕਈ ਕਾਰਾਂ ਉਲਟ ਗਈਆਂ। ਅਧਿਕਾਰੀਆਂ ਮੁਤਾਬਕ ਇੱਥੇ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ ਅਤੇ ਲਗਾਤਾਰ ਪੈ ਰਿਹਾ ਮੀਂਹ ਲੋਕਾਂ ਦੀ ਮੁਸੀਬਤ ਨੂੰ ਵਧਾ ਰਿਹਾ ਹੈ। ਓਟਾਵਾ ਦੀਆਂ ਸੜਕਾਂ 'ਚ ਪਾਣੀ ਭਰ ਗਿਆ ਹੈ, ਜਿਸ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।