ਸ਼ਾਰਕ ਦੇ ਹਮਲਿਆਂ ਨੂੰ ਰੋਕਣ ਲਈ ਆਸਟਰੇਲੀਆ ''ਚ ਚੁੱਕਿਆ ਗਿਆ ਇਹ ਖ਼ਾਸ ਕਦਮ

04/09/2017 9:47:48 AM

ਸਿਡਨੀ— ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਈਸਟਰ ਦੀਆਂ ਛੁੱਟੀਆਂ ਦੌਰਾਨ ਸ਼ਾਰਕ ਦੇ ਹਮਲਿਆਂ ਨਾਲ ਨਜਿੱਠਣ ਲਈ ਹੈਲੀਕਾਪਟਰ ਰਾਹੀਂ ਸਮੁੰਦਰੀ ਤੱਟਾਂ ਦੀ ਨਿਗਰਾਨੀ ਕੀਤੀ ਜਾਵੇਗੀ। ''ਨਿਊ ਸਾਊਥ ਵੇਲਜ਼ ਡਿਪਾਰਟਮੈਂਟ ਆਫ ਪ੍ਰਾਇਮਰੀ ਇੰਡਸਟਰੀ'' ਵਲੋਂ ਹੈਲੀਕਾਪਟਰ ਰਾਹੀਂ ਸਿਡਨੀ ਦੇ ਤੱਟ ਦੀ ਨਿਗਰਾਨੀ ਰੱਖਣ ਦੇ ਨਾਲ ਹੀ ਸੂਬੇ ਦੇ ਬਾਕੀ 2137 ਕਿਲੋਮੀਟਰ ਤੱਟੀ ਖੇਤਰਾਂ ਦੀ ਵੀ ਨਿਗਰਾਨੀ ਕੀਤੀ ਜਾਵੇਗੀ। ਪ੍ਰਾਇਮਰੀ ਇੰਡਸਟਰੀਜ਼ ਦੇ ਮੰਤਰੀ ਮਿਆਲ ਬਲੇਅਰ ਨੇ ਕਿਹਾ, ''ਗਰਮੀਆਂ ''ਚ ਸ਼ਾਰਕਾਂ ''ਤੇ ਨਿਗਰਾਨੀ ਰੱਖਣ ਵਾਲੇ ਸਾਡੇ ਗਸ਼ਤੀ ਦਲ ਦੇ ਮੈਂਬਰ ਸੰਭਾਵਿਤ ਖ਼ਤਰੇ ਦੇ ਮੱਦੇਨਜ਼ਰ ਕਾਫੀ ਕਿਰਿਆਸ਼ੀਲ ਹੋ ਜਾਂਦੇ ਹਨ ਅਤੇ ਇਨ੍ਹਾਂ ਨੇ 78 ਮੌਕਿਆਂ ''ਤੇ ਨਿਊ ਸਾਊਥ ਵੇਲਜ਼ ਅਤੇ ਸਥਾਨਕ ਅਧਿਕਾਰੀਆਂ ਨੂੰ ਮਦਦ ਪ੍ਰਦਾਨ ਕੀਤੀ ਹੈ।'' ਉਨ੍ਹਾਂ ਅੱਗੇ ਕਿਹਾ, ''ਅਸੀਂ ਜਾਣਦੇ ਹਾਂ ਕਿ ਸ਼ਾਰਕਾਂ ਸਾਡੇ ਕੁਦਰਤੀ ਵਾਤਾਵਰਣ ਦਾ ਹਿੱਸਾ ਹਨ ਅਤੇ ਕੋਈ ਵੀ ਉਪਾਅ ਉਨ੍ਹਾਂ ਨੂੰ ਕਾਬੂ ''ਚ ਨਹੀਂ ਕਰ ਸਕਦਾ ਪਰ ਹਵਾਈ ਨਿਗਰਾਨੀ ਜ਼ੋਖ਼ਮ ਨੂੰ ਘੱਟ ਕਰਨ ''ਚ ਮਦਦ ਕਰ ਸਕਦੀ ਹੈ।''
ਦੱਸਣਯੋਗ ਹੈ ਕਿ ਆਸਟਰੇਲੀਆ ''ਚ ਸਾਲ 2016 ਦੌਰਾਨ ਸ਼ਾਰਕ ਨਾਲ ਹਮਲਿਆਂ ਸੰਬੰਧੀ 26 ਘਟਨਾਵਾਂ ਵਾਪਰੀਆਂ ਸਨ। ਇਨ੍ਹਾਂ ''ਚੋਂ ਵਧੇਰੇ ਨਿਊ ਸਾਊਥ ਵੇਲਜ਼ ''ਚ ਵਾਪਰੀਆਂ। ਬਲੇਅਰ ਮੁਤਾਬਕ ਅਸੀਂ ਇਹ ਨਿਸ਼ਚਿਤ ਕਰਨਾ ਚਾਹੁੰਦੇ ਹਾਂ ਕਿ ਸਾਡੇ ਸਮੁੰਦਰੀ ਤੱਟ ਉੱਨੇ ਹੀ ਸੁਰੱਖਿਅਤ ਹਨ, ਜਿੰਨਾ ਇਨ੍ਹਾਂ ਨੂੰ ਸਕੂਲੀ ਛੁੱਟੀਆਂ ਦੌਰਾਨ ਹੋਣਾ ਚਾਹੀਦਾ ਹੈ।

Related News