ਚੀਨ ਦੇ ਕੋਰੋਨਾ ਨਿਯਮਾਂ ਤੋਂ ਤੰਗ ਹੋਏ ਤਿੱਬਤੀ, ਇਕ ਹਫਤੇ ''ਚ 5 ਲੋਕਾਂ ਨੇ ਕੀਤੀ ਖੁਦਕੁਸ਼ੀ

10/05/2022 8:36:57 PM

ਇੰਟਰਨੈਸ਼ਨਲ ਡੈਸਕ: ਚੀਨ ਦੁਆਰਾ ਲਗਾਏ ਗਏ ਕੋਵਿਡ ਨਿਯਮ ਅਤੇ ਪਾਬੰਦੀਆਂ ਤਿੱਬਤੀ ਲੋਕਾਂ ਲਈ ਮੁਸੀਬਤਾਂ ਦਾ ਸਬੱਬ ਬਣੀਆਂ ਹੋਈਆਂ ਹਨ। ਤਿੱਬਤੀ ਇਨ੍ਹਾਂ ਪਾਬੰਦੀਆਂ ਤੋਂ ਇੰਨੇ ਪ੍ਰੇਸ਼ਾਨ ਹਨ ਕਿ ਉਹ ਖੁਦਕੁਸ਼ੀ ਕਰਨ ਲਈ ਵੀ ਮਜਬੂਰ ਹੋ ਗਏ ਹਨ। ਤਿੱਬਤ ਦੀ ਰਾਜਧਾਨੀ ਲਹਾਸਾ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ ਇਸ ਨਿਯਮ ਤੋਂ ਪਰੇਸ਼ਾਨ ਪੰਜ ਲੋਕਾਂ ਨੇ ਇੱਕ ਇਮਾਰਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਤਿੱਬਤ ਵਿੱਚ ਵੀ ਇਸ ਤਰ੍ਹਾਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ ਵੱਧ ਰਹੇ ਹਨ। ਤਿੱਬਤ ਲਈ ਅੰਤਰਰਾਸ਼ਟਰੀ ਮੁਹਿੰਮ (ਆਈਸੀਟੀ) ਨੇ ਇਸ ਘਟਨਾਕ੍ਰਮ 'ਤੇ ਚਿੰਤਾ ਜ਼ਾਹਰ ਕੀਤੀ ਹੈ।

ਇਸ ਦੇ ਨਾਲ ਹੀ, ਆਈਸੀਟੀ ਨੇ ਚੀਨੀ ਸਰਕਾਰ ਨੂੰ ਦਮਨਕਾਰੀ ਉਪਾਵਾਂ ਤੋਂ ਪਰਹੇਜ਼ ਕਰਨ ਅਤੇ ਤਿੱਬਤੀਆਂ ਨੂੰ ਆਪਣੀਆਂ ਜਾਇਜ਼ ਸ਼ਿਕਾਇਤਾਂ ਦਰਜ ਕਰਨ ਦੀ ਆਗਿਆ ਦੇਣ ਦੀ ਅਪੀਲ ਕੀਤੀ। ਤਿੱਬਤੀ ਯੂਥ ਕਾਂਗਰਸ ਅਤੇ ਤਿੱਬਤੀ ਮਹਿਲਾ ਸੰਘ ਨੇ ਕੋਵਿਡ ਦੇ ਨਾਂ 'ਤੇ ਚੀਨ ਦੇ ਅੱਤਿਆਚਾਰ ਦੇ ਖਿਲਾਫ ਦੋ ਹਫਤੇ ਪਹਿਲਾਂ ਮੈਕਲੋਡਗੰਜ 'ਚ ਪ੍ਰਦਰਸ਼ਨ ਕੀਤਾ ਸੀ। ਇਨ੍ਹਾਂ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨੇ ਚੀਨ ਸਰਕਾਰ ਪ੍ਰਤੀ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਕੋਵਿਡ-19 ਦੇ ਨਵੇਂ ਨਿਯਮ ਤਿੱਬਤੀ ਲੋਕਾਂ 'ਤੇ ਥੋਪੇ ਜਾ ਰਹੇ ਹਨ। ਟੈਸਟਾਂ ਲਈ ਲੋਕਾਂ ਨੂੰ ਟਰੱਕਾਂ ਵਿੱਚ ਵੀ ਲਿਜਾਇਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਰਿਪੋਰਟ ਆਉਣ ਤੱਕ ਜਾਂ ਇਕਾਂਤਵਾਸ ਵਿੱਚ ਵੀ ਤਿੱਬਤੀ ਲੋਕਾਂ ਨੂੰ ਜਾਨਵਰਾਂ ਵਾਂਗ ਰੱਖਿਆ ਜਾ ਰਿਹਾ ਹੈ। ਆਈਸੋਲੇਸ਼ਨ ਜਾਂ ਇਕਾਂਤਵਾਸ ਪੀਰੀਅਡ ਦੌਰਾਨ, ਤਿੱਬਤੀ ਲੋਕਾਂ ਨੂੰ ਸਮੇਂ 'ਤੇ ਖਾਣਾ ਵੀ ਨਹੀਂ ਦਿੱਤਾ ਜਾ ਰਿਹਾ ਹੈ। ਅਜਿਹੇ ਅੱਤਿਆਚਾਰ ਆਮ ਲੋਕਾਂ ਨਾਲ ਹੀ ਨਹੀਂ, ਸਗੋਂ ਬੱਚਿਆਂ ਨਾਲ ਵੀ ਹੋ ਰਹੇ ਹਨ। ਉਨ੍ਹਾਂ ਦਾ ਇਸੇ ਤਰ੍ਹਾਂ ਸ਼ੋਸ਼ਣ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਨਾਲ ਤਿੱਬਤੀ ਲੋਕ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਰਹੇ ਹਨ। ਮਾਨਸਿਕ ਤਸ਼ੱਦਦ ਤੋਂ ਪੀੜਤ ਲੋਕ ਹੀ ਖੁਦਕੁਸ਼ੀਆਂ ਕਰ ਰਹੇ ਹਨ। ਆਈਸੀਟੀ ਦਾ ਦਾਅਵਾ ਹੈ ਕਿ ਇਸ ਦਾ ਕਾਰਨ ਚੀਨੀ ਸਰਕਾਰ ਦੁਆਰਾ ਲਗਾਏ ਗਏ ਨਵੇਂ ਨਿਯਮ ਅਤੇ ਅਵਿਵਸਥਾ ਹੈ।


Tarsem Singh

Content Editor

Related News