ਟਿੰਡਰ ਐਪ : ਦੁਬਈ ''ਚ 4 ਮਹਿਲਾਵਾਂ ਨੇ ਭਾਰਤੀ ਵਿਅਕਤੀ ਨੂੰ ਫਰਜ਼ੀ ਮਸਾਜ ਸੈਂਟਰ ਬੁਲਾ ਲੁੱਟੇ 55 ਲੱਖ ਰੁਪਏ
Monday, Feb 22, 2021 - 02:10 AM (IST)
ਦੁਬਈ - ਦੁਬਈ ਵਿਚ 4 ਅਫਰੀਕਨ ਮੂਲ ਦੀਆਂ ਮਹਿਲਾਵਾਂ ਨੇ ਇਕ ਭਾਰਤੀ ਵਿਅਕਤੀ ਨੂੰ ਡੇਟਿੰਗ ਐਪਲੀਕੇਸ਼ਨ ਰਾਹੀਂ ਫਰਜ਼ੀ ਮਸਾਜ ਸੈਂਟਰ ਆਉਣ ਦਾ ਸੱਦਾ ਦਿੱਤਾ। ਉਥੇ ਉਨ੍ਹਾਂ ਮਹਿਲਾਵਾਂ ਨੇ ਚਾਕੂ ਦੀ ਨੋਕ 'ਤੇ ਉਸ ਦੇ ਬੈਂਕ ਅਕਾਊਂਟ ਵਿਚੋਂ 55,30,806 ਰੁਪਏ ਟ੍ਰਾਂਸਫਰ ਕਰਾ ਲਏ। ਵਿਅਕਤੀ ਦੇ ਕੇਸ ਦਰਜ ਕਰਾਉਣ ਤੋਂ ਬਾਅਦ ਮਾਮਲੇ ਦੀ ਸੁਣਵਾਈ ਕੋਰਟ ਵਿਚ ਚੱਲ ਰਹੀ ਹੈ।
ਟਿੰਡਰ ਐਪ ਰਾਹੀਂ ਮਸਾਜ ਸੈਂਟਰ ਦੇਣ ਦੇ ਨਾਂ 'ਤੇ ਫਸਾਇਆ
ਦੁਬਈ ਪੁਲਸ ਨੇ ਮਾਮਲੇ ਵਿਚ 3 ਨਾਇਜ਼ੀਰਆਈ ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਹੈ। ਚੌਥੀ ਮਹਿਲਾ ਅਜੇ ਫਰਾਰ ਦੱਸੀ ਜਾ ਰਹੀ ਹੈ। ਪੁੱਛਗਿਛ ਦੌਰਾਨ ਫੜੀ ਗਈ ਇਕ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਨੇ ਟਿੰਡਰ ਐਪ ਰਾਹੀਂ ਉਸ ਵਿਅਕਤੀ ਨੂੰ ਮਸਾਜ ਸਰਵਿਸ ਦੇਣ ਦੇ ਬਹਾਨੇ ਫਸਾਇਆ ਸੀ। ਉਸ ਨੇ ਵਿਅਕਤੀ ਨੂੰ ਬੰਧਕ ਬਣਾ ਕੇ ਰੁਪਏ ਦੁਬਈ ਤੋਂ ਬਾਹਰ ਟ੍ਰਾਂਸਫਰ ਕਰਨ ਅਤੇ ਕ੍ਰੈਡਿਟ ਕਾਰਡ ਵਿਚੋਂ ਪੈਸੇ ਕਢਾਉਣ ਦੀ ਗੱਲ ਮੰਨੀ ਹੈ। ਦੁਬਈ ਦੀ ਕੋਰਟ ਵਿਚ ਕੇਸ ਦੀ ਸੁਣਵਾਈ 4 ਮਾਰਚ ਨੂੰ ਹੋਵੇਗੀ।
ਵਿਅਕਤੀ ਨੇ ਦੱਸੀ ਪੂਰੀ ਘਟਨਾ
ਪੁਲਸ ਨੇ ਵਿਅਕਤੀ ਦਾ ਨਾਂ ਜਨਤਕ ਨਹੀਂ ਕੀਤਾ। ਹਾਲਾਂਕਿ ਮੀਡੀਆ ਨਾਲ ਗੱਲਬਾਤ ਵਿਚ 33 ਸਾਲ ਦੇ ਭਾਰਤੀ ਵਿਅਕਤੀ ਨੇ ਦੱਸਿਆ ਕਿ ਮੈਂ ਟਿੰਡਰ ਐਪਲੀਕੇਸ਼ਨ ਰਾਹੀਂ ਇਕ ਨੰਬਰ 'ਤੇ ਸੰਪਰਕ ਕਰ ਮਸਾਜ ਕਰਾਉਣ ਲਈ ਬੁਕਿੰਗ ਕੀਤੀ ਸੀ। ਇਸ ਤੋਂ ਬਾਅਦ ਮੈਂ ਦੁਬਈ ਦੇ ਅਲ ਰੇਫਾ ਰੀਜ਼ਨ ਵਿਚ ਬਣੇ ਇਕ ਅਪਾਰਟਮੈਂਟ ਵਿਚ ਪਹੁੰਚਿਆ। ਇਥੇ ਚਾਰ ਅਫਰੀਕਨ ਮੂਲ ਦੀਆਂ ਮਹਿਲਾਵਾਂ ਮਿਲੀਆਂ। ਉਨ੍ਹਾਂ ਨੇ ਮੈਨੂੰ ਘੇਰ ਲਿਆ ਅਤੇ ਮੇਰੀ ਧੌਂਣ 'ਤੇ ਚਾਕੂ ਰੱਖ ਕੇ ਮੋਬਾਈਲ ਬੈਂਕ ਐਪ ਖੋਲ੍ਹਣ ਨੂੰ ਕਿਹਾ। ਜਦ ਮੈਂ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ। ਉਨ੍ਹਾਂ ਨੇ ਮੇਰੇ ਅਕਾਊਂਟ ਵਿਚੋਂ 55,30,806 ਰੁਪਏ ਟ੍ਰਾਂਸਫਰ ਕਰਵਾ ਲਏ। ਉਸ ਤੋਂ ਬਾਅਦ ਮੈਨੂੰ ਉਨ੍ਹਾਂ ਨੇ ਛੱਡ ਦਿੱਤਾ। ਮੈਂ ਪੁਲਸ ਸਟੇਸ਼ਨ ਪਹੁੰਚਿਆ ਅਤੇ ਕੇਸ ਦਰਜ ਕਰਾਇਆ।