ਸਕਾਟਲੈਂਡ : ਟਾਈਮ ਆਊਟ ਸਰਵੇਖਣ ਮੁਤਾਬਕ ਗਲਾਸਗੋ ਨੂੰ ਦੁਨੀਆ ਦੇ ਤੀਜੇ ਸਭ ਤੋਂ ਗੰਦੇ ਸ਼ਹਿਰ ਦਾ ਦਰਜਾ
Friday, Jul 22, 2022 - 02:46 AM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਵਿਦੇਸ਼ਾਂ 'ਚ ਅਕਸਰ ਵੱਖ-ਵੱਖ ਸ਼ਹਿਰਾਂ ਦੀ ਖੂਬਸੂਰਤੀ, ਭੱਦੇਪਣ, ਖਾਣ-ਪੀਣ, ਮਿਲਾਪੜੇਪਣ ਆਦਿ ਸਬੰਧੀ ਸਰਵੇਖਣ ਹੁੰਦੇ ਰਹਿੰਦੇ ਹਨ। ਆਨਲਾਈਨ ਸਰਵੇਖਣਾਂ ਰਾਹੀਂ ਮਿਥ ਲਿਆ ਜਾਂਦਾ ਹੈ ਕਿ ਵਧੇਰੇ ਲੋਕ ਕਿਸ ਦੇ ਹੱਕ ਜਾਂ ਵਿਰੋਧ ਵਿੱਚ ਖੜ੍ਹੇ ਹਨ। ਟਾਈਮ ਆਊਟ ਇੰਡੈਕਸ 2022 ਨੇ ਦੁਨੀਆ ਭਰ ਦੇ ਲੋਕਾਂ ਨੂੰ ਉਨ੍ਹਾਂ ਦੇ ਸਥਾਨਕ ਸ਼ਹਿਰਾਂ, ਕਲਾ ਅਤੇ ਸੱਭਿਆਚਾਰ ਤੋਂ ਲੈ ਕੇ ਬਾਰ ਤੇ ਰੈਸਟੋਰੈਂਟਾਂ ਬਾਰੇ ਵਿਸ਼ੇਸ਼ ਸਰਵੇਖਣ ਕੀਤਾ। ਇਸ ਆਨਲਾਈਨ ਸਰਵੇਖਣ ਲਈ 27,000 ਤੋਂ ਵੱਧ ਲੋਕਾਂ ਦੇ ਜਵਾਬ ਦੇਣ ਤੋਂ ਬਾਅਦ ਟਾਈਮ ਆਊਟ ਨੇ ਦੁਨੀਆ ਦੇ ਸਭ ਤੋਂ ਗੰਦੇ ਸ਼ਹਿਰਾਂ ਦਾ ਨਾਂ ਜਨਤਕ ਕੀਤਾ ਹੈ। ਇਸ ਤਹਿਤ ਸਾਹਮਣੇ ਆਇਆ ਕਿ ਇਸ ਸਰਵੇਖਣ ਮੁਤਾਬਕ ਗਲਾਸਗੋ ਲਈ ਚੰਗੀ ਖ਼ਬਰ ਨਹੀਂ ਹੈ। ਰੋਮ ਅਤੇ ਨਿਊਯਾਰਕ ਸਿਟੀ ਨੂੰ ਪਿੱਛੇ ਛੱਡ ਕੇ ਗਲਾਸਗੋ ਸ਼ਹਿਰ ਨੂੰ ਦੁਨੀਆ ਦਾ ਤੀਜਾ ਸਭ ਤੋਂ ਗੰਦਾ ਦਰਜਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਨਿਊਯਾਰਕ 'ਚ ਇਵਾਨਾ ਟਰੰਪ ਦੇ ਅੰਤਿਮ ਸੰਸਕਾਰ 'ਤੇ ਡੋਨਾਲਡ ਟਰੰਪ ਨੇ ਦਿੱਤੀ ਭਾਵਭਿੰਨੀ ਸ਼ਰਧਾਂਜਲੀ
ਜ਼ਿਕਰਯੋਗ ਹੈ ਕਿ ਗਲਾਸਗੋ ਵਿੱਚ ਕੂੜਾ ਇਕ ਬਹੁਤ ਵੱਡਾ ਮੁੱਦਾ ਹੈ। ਇਸੇ ਕਰਕੇ ਹੀ ਗਲਾਸਗੋ ਨੂੰ ਗੰਦੇ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਗਿਣਿਆ ਗਿਆ ਹੈ, ਜਦਕਿ ਸਟੋਕਹੋਮ ਨੂੰ ਸਭ ਤੋਂ ਸਾਫ਼-ਸੁਥਰਾ ਖਿਤਾਬ ਦਿੱਤਾ ਗਿਆ ਹੈ। ਫਿਰ ਵੀ ਗਲਾਸਗੋ ਲਈ ਇਹ ਸਭ ਤੋਂ ਬੁਰੀ ਖ਼ਬਰ ਨਹੀਂ ਹੈ ਕਿਉਂਕਿ ਟਾਈਮ ਆਊਟ ਨੇ ਹਾਲ ਹੀ 'ਚ ਗਲਾਸਗੋ ਨੂੰ ਐਡਿਨਬਰਗ, ਸ਼ਿਕਾਗੋ ਤੋਂ ਬਾਅਦ 2022 ਵਿੱਚ ਦੇਖਣ ਲਈ ਦੁਨੀਆ ਦੇ ਚੌਥੇ ਸਭ ਤੋਂ ਵਧੀਆ ਸ਼ਹਿਰ ਵਜੋਂ ਨਾਮਜ਼ਦ ਕੀਤਾ। ਇਸ ਨਾਮਜ਼ਦਗੀ ਲਈ ਗਲਾਸਗੋ ਦੇ ਲੋਕਾਂ ਦੇ ਮਿਲਾਪੜੇ ਤੇ ਮਦਦਗਾਰ ਸੁਭਾਅ ਨੂੰ ਆਧਾਰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਨਵ-ਨਿਯੁਕਤ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਜੀਵਨ ਦੇ ਅਣਛੂਹੇ ਪਹਿਲੂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ