ਸਿੰਗਾਪੁਰ: ''ਬਾਰ ਐਗਜ਼ਾਮ ਫਰਾਡ'' ਮਾਮਲੇ ''ਚ ਭਾਰਤੀ ਮੂਲ ਦੇ ਤਿੰਨ ਸਿਖਿਆਰਥੀ ਵਕੀਲ ਨਾਮਜ਼ਦ
Friday, Apr 29, 2022 - 10:43 AM (IST)
ਸਿੰਗਾਪੁਰ (ਭਾਸ਼ਾ)- 'ਬਾਰ ਐਗਜ਼ਾਮ ਫਰਾਡ' ਮਾਮਲੇ ਵਿੱਚ ਭਾਰਤੀ ਮੂਲ ਦੇ ਤਿੰਨ ਸਿਖਿਆਰਥੀ ਵਕੀਲਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ, ਜਿਨ੍ਹਾਂ ਨੇ ਪਿਛਲੇ ਸਾਲ ਆਪਣੀ ਬਾਰ (ਲਾਅ) ਦੀ ਪ੍ਰੀਖਿਆ ਵਿੱਚ ਨਕਲ ਅਤੇ ਦੁਰਵਿਹਾਰ ਕਰਨ ਦੀ ਗੱਲ ਸਵੀਕਾਰ ਕੀਤੀ ਸੀ। ‘ਦਿ ਸਟਰੇਟਸ ਟਾਈਮਜ਼’ ਦੀ ਖ਼ਬਰ ਮੁਤਾਬਕ ਪ੍ਰੀਖਿਆ ਫਰਾਡ ਮਾਮਲੇ ਵਿੱਚ ਹੁਣ ਤੱਕ ਛੇ ਵਿਅਕਤੀਆਂ ਦੀ ਸ਼ਮੂਲੀਅਤ ਦਾ ਪਤਾ ਲੱਗਾ ਹੈ, ਜਿਨ੍ਹਾਂ ਵਿੱਚੋਂ ਭਾਰਤੀ ਮੂਲ ਦੇ ਤਿੰਨ ਸਿਖਿਆਰਥੀ ਵਕੀਲ ਹਨ। ਇਹਨਾਂ ਨੇ 2020 ਵਿੱਚ ਭਾਗ-ਬੀ ਦੀ ਪ੍ਰੀਖਿਆ ਦਿੱਤੀ ਸੀ, ਜੋ ਕਿ ਉਸ ਸਾਲ ਨਵੰਬਰ ਅਤੇ ਦਸੰਬਰ ਦੇ ਵਿਚਕਾਰ ਹੋਈ ਸੀ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ : ਇਮਰਾਨ ਖਾਨ ਦੀ ਪਤਨੀ ਦੀ ਦੋਸਤ ਫਰਾਹ ਖਾਨ ਖ਼ਿਲਾਫ਼ ਭ੍ਰਿਸ਼ਟਾਚਾਰ ਮਾਮਲੇ 'ਚ ਜਾਂਚ ਦੇ ਹੁਕਮ
ਖ਼ਬਰਾਂ ਮੁਤਾਬਕ ਭਾਰਤੀ ਮੂਲ ਦੇ ਸਿਖਿਆਰਥੀ ਵਕੀਲ ਮੋਨੀਸ਼ਾ ਦੇਵਰਾਜ, ਕੁਸ਼ਲ ਅਤੁਲ ਸ਼ਾਹ ਅਤੇ ਸ਼੍ਰੀਰਾਮ ਰਵਿੰਦਰਨ ਦੇ ਨਾਲ-ਨਾਲ ਚੀਨ ਦੇ ਮੈਥਿਊ ਚੋਅ ਜੁਨ ਫੇਂਗ ਅਤੇ ਲਿਓਨੇਲ ਵੋਂਗ ਚੋਂਗ ਯੁੰਗ ਨੂੰ ਇਸ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਲਿਨ ਕੁਏਕ ਯੀ ਟਿੰਗ ਨੇ ਸ਼ੁਰੂ ਵਿਚ ਨਕਲ ਕਰਨ ਤੋਂ ਇਨਕਾਰ ਕੀਤਾ ਪਰ ਉਸ ਦੇ ਸਪੱਸ਼ਟੀਕਰਨ ਨੂੰ ਰੱਦ ਕਰ ਦਿੱਤਾ ਗਿਆ। ਜਸਟਿਸ ਚੂ ਹਾਨ ਟੇਕ ਨੇ ਬੁੱਧਵਾਰ ਨੂੰ ਨਾਵਾਂ ਨੂੰ ਜਨਤਕ ਕਰਨ 'ਤੇ ਰੋਕ ਲਗਾਉਣ ਵਾਲੇ ਆਪਣੇ ਪਹਿਲੇ ਆਦੇਸ਼ ਨੂੰ ਰੱਦ ਕਰ ਦਿੱਤਾ। ਬੁੱਧਵਾਰ ਨੂੰ ਹੀ ਇਨ੍ਹਾਂ ਛੇ ਸਿਖਿਆਰਥੀ ਵਕੀਲਾਂ ਨੂੰ 'ਬਾਰ ਇਮਤਿਹਾਨ' ਵਿਚ ਨਕਲ ਲਈ ਨਾਮਜ਼ਦ ਕੀਤਾ ਗਿਆ ਸੀ।