ਪਾਕਿ ’ਚ ਹਿੰਦੂ ਫਿਰਕੇ ਦੇ ਤਿੰਨ ਲੋਕਾਂ ਦਾ ਕਤਲ, ਲਾਸ਼ਾਂ ਦਰੱਖਤ ਨਾਲ ਲਟਕਾਈਆਂ

Tuesday, Oct 05, 2021 - 09:21 PM (IST)

ਪਾਕਿ ’ਚ ਹਿੰਦੂ ਫਿਰਕੇ ਦੇ ਤਿੰਨ ਲੋਕਾਂ ਦਾ ਕਤਲ, ਲਾਸ਼ਾਂ ਦਰੱਖਤ ਨਾਲ ਲਟਕਾਈਆਂ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੇ ਸਿੰਧ ਸੂਬੇ ਦੇ ਪਿੰਡ ਟਾਂਡੂ ਅਲਿਆਰ ’ਚ ਅੱਜ ਉਸ ਸਮੇਂ ਸਨਸਨੀ ਫ਼ੈਲ ਗਈ, ਜਦੋਂ ਸਵੇਰੇ ਪਿੰਡ ਦੇ ਬਾਹਰ ਇਕ ਦਰੱਖਤ ’ਤੇ ਹਿੰਦੂ ਫਿਰਕੇ ਦੇ ਤਿੰਨ ਲੋਕਾਂ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ। ਅੱਜ ਦਰੱਖਤ ਨਾਲ ਤਿੰਨ ਹਿੰਦੂ ਫਿਰਕੇ ਦੇ ਲੋਕਾਂ ਦੀਆਂ ਲਾਸ਼ਾਂ ਨੂੰ ਲਟਕਦਾ ਵੇਖ ਕੇ ਲੋਕ ਹੈਰਾਨ ਰਹਿ ਗਏ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਦਰੱਖਤ ਤੋਂ ਉਤਾਰਿਆ ਗਿਆ। ਲਾਸ਼ਾਂ ਨੂੰ ਤੁਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਅਤੇ ਡਾਕਟਰਾਂ ਨੇ ਪੋਸਟਮਾਰਟਮ ਰਿਪੋਰਟ ’ਚ ਸਪੱਸ਼ਟ ਕੀਤਾ ਕਿ ਤਿੰਨਾਂ ਦੀ ਹੱਤਿਆ ਕਰ ਕੇ ਦਰੱਖਤ ’ਤੇ ਲਟਕਾਇਆ ਗਿਆ ਹੈ ਕਿਉਂਕਿ ਮਰਨ ਵਾਲਿਆਂ ਦੀ ਮੌਤ ਦਾ ਕਾਰਨ ਫਾਹਾ ਲਗਾ ਕੇ ਲਟਕਾਉਣਾ ਨਹੀਂ ਹੈ।

ਪੁਲਸ ਨੇ ਫਿਲਹਾਲ ਅਣਪਛਾਤੇ ਲੋਕਾਂ ਖ਼ਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਚਰਚਾ ਹੈ ਕਿ ਪਿੰਡ ਦੇ ਕੁਝ ਦਿਨਾਂ ਤੋਂ ਮ੍ਰਿਤਕਾਂ ਦੇ ਪਰਿਵਾਰਾਂ ’ਤੇ ਧਰਮ ਪਰਿਵਰਤਨ ਦਾ ਦਬਾਅ ਪਾਇਆ ਜਾ ਰਿਹਾ ਹੈ। ਮਰਨ ਵਾਲੇ ਤਿੰਨ ਵਿਅਕਤੀ ਗਰੀਬ ਪਰਿਵਾਰ ਨਾਲ ਸਬੰਧਿਤ ਸਨ ਅਤੇ ਹੋਰ ਹਿੰਦੂ ਪਰਿਵਾਰਾਂ ਨੂੰ ਵੀ ਧਰਮ ਪਰਿਵਰਤਨ ਕਰਨ ਤੋਂ ਰੋਕਦੇ ਸੀ। ਪਾਕਿਸਤਾਨ ਹਿੰਦੂ ਕੌਂਸਲ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਹਿੰਦੂ ਫਿਰਕੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।


author

Manoj

Content Editor

Related News