ਰੂਸ-ਯੂਕ੍ਰੇਨ ਜੰਗ ਵਿਚਾਲੇ ਵੱਡਾ ਸਾਈਬਰ ਹਮਲਾ, ਯੂਰਪ ਦੇ ਹਜ਼ਾਰਾਂ ਯੂਜ਼ਰਸ ਦਾ ਇੰਟਰਨੈੱਟ ਠੱਪ
Saturday, Mar 05, 2022 - 12:30 PM (IST)
ਪੈਰਿਸ– ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਵਿਚਾਲੇ ਹੁਣ ਤਕ ਦੇ ਸਭ ਤੋਂ ਵੱਡੇ ਸਾਈਬਰ ਹਮਲੇ ਦੀ ਖ਼ਬਰ ਹੈ। ਇਸ ਹਮਲੇ ਤੋਂ ਬਾਅਦ ਯੂਰਪ ਦੇ ਕਈ ਸ਼ਹਿਰਾਂ ਦੇ ਹਜ਼ਾਰਾਂ ਯੂਜ਼ਰਸ ਦਾ ਇੰਟਰਨੈੱਟ ਠੱਪ ਹੋ ਗਿਆ ਹੈ। ਓਰੇਂਜ ਮੁਤਾਬਕ, ਪਿਛਲੇ ਮਹੀਨੇ 24 ਫਰਵਰੀ ਨੂੰ ਵਾਈਸੈੱਟ ’ਤੇ ਹੋਏ ਇਕ ਵੱਡੇ ਸਾਈਬਰ ਹਮਲੇ ਤੋਂ ਬਾਅਦ ਫਰਾਂਸ ’ਚ ਇਸਦੀ ਸਹਾਇਕ ਕੰਪਨੀ ਨੋਰਡਨੈੱਟ ਦੀ ਸੈਟੇਲਾਈਟ ਇੰਟਰਨੈੱਟ ਸੇਵਾ ਦੇ ਕਰੀਬ 9,000 ਯੂਜ਼ਰਸ ਦਾ ਇੰਟਰਨੈੱਟ ਕੁਨੈਕਸ਼ਨ ਬੰਦ ਹੋ ਗਿਆ ਹੈ। ਜ਼ਿਕਰਯੋਗ ਹੈ ਕਿ 24 ਫਰਵਰੀ ਨੂੰ ਹੀ ਰੂਸ ਨੇ ਯੂਕ੍ਰੇ ਦੇ ਨਾਲ ਜੰਗ ਦੀ ਸ਼ੁਰੂਆਤ ਕੀਤੀ ਸੀ।
ਸੈਟੇਲਾਈਟ ਇੰਟਰਨੈੱਟ ਸਰਵਿਸ ਦੇਣ ਵਾਲੀ ਇਕ ਹੋਰ ਕੰਪਨੀ bigblu ਨੇ ਵੀ ਪੁਸ਼ਟੀ ਕੀਤੀ ਹੈ ਕਿ ਉਸਦੇ ਯੂਰਪ, ਜਰਮਨੀ, ਫਰਾਂਸ, ਗ੍ਰੀਕ, ਇਟਲੀ ਅਤੇ ਪੋਲੈਂਡ ਦੇ ਕਰੀਬ 40 ਹਜ਼ਾਰ ਯੂਜ਼ਰਸ ’ਚ ਇਕ ਤਿਹਾਈ ਦਾ ਇੰਟਰਨੈੱਟ ਬੰਦ ਹੋ ਗਿਆ ਹੈ। ਦੱਸ ਦੇਈਏ ਕਿ Eutelsat, bigblu ਦੀ ਪੈਰੇਂਟ ਕੰਪਨੀ ਹੈ। ਖ਼ਦਸ਼ਾ ਹੈ ਕਿ ਇਹ ਯੂਜ਼ਰਸ ਵੀ ਵਾਈਸੈੱਟ ’ਤੇ ਹੋਏ ਹਮਲੇ ਤੋਂ ਹੀ ਪ੍ਰਭਾਵਿਤ ਹਨ। ਵਾਈਸੈੱਟ ਨੇ ਕਿਹਾ ਕਿ ਇਕ ਸਾਈਬਰ ਹਮਲੇ ਤੋਂ ਬਾਅਦ ਯੂਰਪ ’ਚ ਯੂਕ੍ਰੇਨ ਅਤੇ ਹੋਰ ਥਾਵਾਂ ’ਤੇ ਆਂਸ਼ਿਕ ਨੈੱਟਵਰਕ ਆਊਟੇਜ ਬਣਿਆ ਹੋਇਆ ਹੈ।
Viasat ਨੇ ਇਸ ਹਮਲੇ ਬਾਰੇ ਵਿਸਤਾਰ ਨਾਲ ਜਾਣਕਾਰੀ ਨਹੀਂ ਦਿੱਤੀ। ਕੰਪਨੀ ਦਾ ਕਹਿਣਾ ਹੈ ਕਿ ਪੁਲਸ ਅਤੇ ਸੂਬੇ ਦੇ ਸਾਂਝੇਦਾਰਾਂ ਨੂੰ ਇਸ ਸੰਬੰਧ ’ਚ ਸੂਚਿਤ ਕੀਤਾ ਗਿਆ ਹੈ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਫਰਾਂਸ ਦੇ ਸਪੇਸ ਕਮਾਂਡ ਦੇ ਮੁਖੀ ਜਨਰਲ ਮਿਸ਼ੇਲ ਫ੍ਰਿਡਲਿੰਗ ਨੇ ਕਿਹਾ ਕਿ ਸਾਈਬਰ ਹਮਲਾ ਹੋਇਆ ਹੈ।