ਸ਼ੇਖ ਹਸੀਨਾ ਦੇ ਦੇਸ਼ ਛੱਡਦੇ ਹੀ PM ਹਾਊਸ 'ਚ ਹਜ਼ਾਰਾਂ ਪ੍ਰਦਰਸ਼ਨਕਾਰੀ ਦਾਖਲ, ਸਾਮਾਨ ਲੁੱਟ ਕੇ ਭੱਜੇ, ਵੀਡੀਓ

Monday, Aug 05, 2024 - 03:48 PM (IST)

ਢਾਕਾ: ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਦੇਸ਼ ਛੱਡ ਦਿੱਤਾ ਹੈ। ਹਸੀਨਾ ਦੇ ਰਾਜਧਾਨੀ ਢਾਕਾ ਛੱਡਣ ਦੀ ਖ਼ਬਰ ਦੇ ਨਾਲ ਹੀ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਲੋਕ ਪੀ.ਐਮ ਹਾਊਸ ਵਿੱਚ ਦਾਖ਼ਲ ਹੋ ਗਏ। ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਗੋਨੋ ਭਵਨ ਦੇ ਦਰਵਾਜ਼ੇ ਖੋਲ੍ਹ ਕੇ ਲੋਕ ਅੰਦਰ ਦਾਖ਼ਲ ਹੋਏ ਅਤੇ ਇੱਥੇ ਜਸ਼ਨ ਮਨਾਇਆ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਅੱਜ ਦੁਪਹਿਰ 3 ਵਜੇ ਦੇ ਕਰੀਬ ਗੋਨੋ ਭਵਨ ਦੇ ਦਰਵਾਜ਼ੇ ਖੋਲ੍ਹੇ ਅਤੇ ਲੋਕ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਅਹਾਤੇ ਵਿੱਚ ਦਾਖ਼ਲ ਹੋ ਗਏ। ਇਸ ਤੋਂ ਪਹਿਲਾਂ ਹਸੀਨਾ ਆਪਣੀ ਭੈਣ ਨਾਲ ਇੱਥੋਂ ਰਵਾਨਾ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਜਾਣ ਤੋਂ ਪਹਿਲਾਂ ਵੀਡੀਓ ਰਿਕਾਰਡ ਕਰਨਾ ਚਾਹੁੰਦੀ ਸੀ ਪਰ ਉਸ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਢਾਕਾ ਵਿੱਚ ਪੀ.ਐਮ ਹਾਊਸ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਦਾਖ਼ਲ ਹੋਣ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵਿੱਚ ਹਜ਼ਾਰਾਂ ਲੋਕ ਪੀ.ਐਮ ਹਾਊਸ ਵਿੱਚ ਨਿਡਰ ਹੋ ਕੇ ਇਕੱਠੇ ਹੁੰਦੇ ਵੇਖੇ ਜਾ ਸਕਦੇ ਹਨ। ਉਥੇ ਕੋਈ ਸੁਰੱਖਿਆ ਕਰਮਚਾਰੀ ਜਾਂ ਪੁਲਸ ਮੁਲਾਜ਼ਮ ਨਜ਼ਰ ਨਹੀਂ ਆ ਰਹੇ। ਇਸ ਤੋਂ ਸਾਫ਼ ਹੈ ਕਿ ਫ਼ੌਜ ਨੇ ਪ੍ਰਦਰਸ਼ਨਕਾਰੀਆਂ ਨੂੰ ਖੁੱਲ੍ਹਾ ਹੱਥ ਦਿੱਤਾ ਹੋਇਆ ਹੈ। ਇੱਥੋਂ ਤੱਕ ਕਿ ਲੋਕ ਪੀ.ਐਮ ਹਾਊਸ ਤੋਂ ਕਈ ਸਾਮਾਨ ਚੁੱਕ ਕੇ ਲੈ ਜਾ ਰਹੇ ਹਨ।

ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦਾ ਤੋੜਿਆ ਬੁੱਤ

ਬੰਗਲਾਦੇਸ਼ ਤੋਂ ਸਾਹਮਣੇ ਆਏ ਵੀਡੀਓ 'ਚ ਪ੍ਰਦਰਸ਼ਨਕਾਰੀ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੇ ਬੁੱਤ 'ਤੇ ਚੜ੍ਹ ਕੇ ਇਸ ਨੂੰ ਤੋੜਦੇ ਨਜ਼ਰ ਆ ਰਹੇ ਹਨ। ਪ੍ਰਦਰਸ਼ਨਕਾਰੀ ਇੰਨੇ ਭੜਕ ਗਏ ਹਨ ਕਿ ਉਹ ਬੰਗਲਾਦੇਸ਼ ਦੇ ਰਾਸ਼ਟਰ ਪਿਤਾ ਵਜੋਂ ਜਾਣੇ ਜਾਂਦੇ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੇ ਬੁੱਤ 'ਤੇ ਚੜ੍ਹ ਗਏ ਅਤੇ ਹਥੌੜਿਆਂ ਦੀ ਵਰਤੋਂ ਕੀਤੀ।

ਫੌਜ ਬਣਾਏਗੀ ਅੰਤਰਿਮ ਸਰਕਾਰ 

ਹਿੰਸਾ ਦਰਮਿਆਨ ਬੰਗਲਾਦੇਸ਼ ਦੇ ਫੌਜ ਮੁਖੀ ਜਨਰਲ ਵਕਾਰ-ਉਜ਼-ਜ਼ਮਾਨ ਨੇ ਪ੍ਰੈੱਸ ਕਾਨਫਰੰਸ 'ਚ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਕਿਹਾ, 'ਅਸੀਂ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ। ਭੰਨਤੋੜ ਕਰਨ ਤੋਂ ਬਚੋ। ਜੇ ਤੁਸੀਂ ਲੋਕ ਸਾਡੇ ਨਾਲ ਆਓ, ਅਸੀਂ ਸਥਿਤੀ ਬਦਲ ਦੇਵਾਂਗੇ। ਲੜਾਈ-ਝਗੜੇ, ਕੁੱਟਮਾਰ ਤੋਂ ਦੂਰ ਰਹੋ। ਅਸੀਂ ਅੱਜ ਸਾਰੇ ਪਾਰਟੀ ਆਗੂਆਂ ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਫੌਜ ਬੰਗਲਾਦੇਸ਼ ਵਿੱਚ ਅੰਤਰਿਮ ਸਰਕਾਰ ਬਣਾਏਗੀ।

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਲੇਬਨਾਨ ਛੱਡਣ ਦੇ ਦਿੱਤੇ ਨਿਰਦੇਸ਼

ਐਤਵਾਰ ਤੋਂ ਹੁਣ ਤੱਕ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿੱਚ 106 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਜੀ ਜਮੁਨਾ ਟੈਲੀਵਿਜ਼ਨ ਨਿਊਜ਼ ਚੈਨਲ ਨੇ ਰਿਪੋਰਟ ਦਿੱਤੀ ਕਿ ਹਸੀਨਾ ਨੂੰ ਇੱਕ ਵਿਵਾਦਪੂਰਨ ਰਾਖਵਾਂਕਰਨ ਪ੍ਰਣਾਲੀ ਨੂੰ ਲੈ ਕੇ ਉਸਦੀ ਸਰਕਾਰ ਦੇ ਖਿਲਾਫ ਵਿਆਪਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਸੀ। ਇਸ ਵਿਵਾਦਗ੍ਰਸਤ ਰਿਜ਼ਰਵੇਸ਼ਨ ਪ੍ਰਣਾਲੀ ਤਹਿਤ 1971 'ਚ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਹਿੱਸਾ ਲੈਣ ਵਾਲੇ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਸਰਕਾਰੀ ਨੌਕਰੀਆਂ 'ਚ 30 ਫੀਸਦੀ ਰਾਖਵਾਂਕਰਨ ਦੇਣ ਦੀ ਵਿਵਸਥਾ ਹੈ। ਖਬਰਾਂ ਮੁਤਾਬਕ ਆਰਮੀ ਚੀਫ ਜਲਦ ਹੀ ਰਾਸ਼ਟਰ ਨੂੰ ਸੰਬੋਧਨ ਕਰ ਸਕਦੇ ਹਨ। ਇਸ ਤੋਂ ਪਹਿਲਾਂ, ਬੰਗਲਾਦੇਸ਼ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਆਮ ਲੋਕਾਂ ਨੂੰ ‘ਲੌਂਗ ਮਾਰਚ ਟੂ ਢਾਕਾ’ ਵਿੱਚ ਹਿੱਸਾ ਲੈਣ ਦੀ ਅਪੀਲ ਕਰਨ ਤੋਂ ਬਾਅਦ ਇੰਟਰਨੈਟ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰਨ ਦਾ ਹੁਕਮ ਦਿੱਤਾ ਸੀ।

 ਭਾਰਤ ਆ ਰਹੀ ਹੈ ਸ਼ੇਖ ਹਸੀਨਾ

ਦੱਸਿਆ ਜਾ ਰਿਹਾ ਹੈ ਕਿ ਸ਼ੇਖ ਹਸੀਨਾ ਸੁਰੱਖਿਅਤ ਸਥਾਨ 'ਤੇ ਪਹੁੰਚ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਪੱਛਮੀ ਬੰਗਾਲ ਆ ਰਹੀ ਹੈ। ਹਾਲਾਂਕਿ ਇਸ 'ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਦੂਜੇ ਪਾਸੇ ਬੰਗਲਾਦੇਸ਼ ਦੀ ਰਾਜਧਾਨੀ 'ਚ ਅਰਾਜਕਤਾ ਆਪਣੇ ਸਿਖਰ 'ਤੇ ਪਹੁੰਚ ਗਈ ਹੈ। ਢਾਕਾ ਵਿੱਚ ਭਾਰੀ ਭੀੜ ਇਕੱਠੀ ਹੋ ਰਹੀ ਹੈ ਅਤੇ ਫ਼ੌਜ ਲੋਕਾਂ ਨੂੰ ਸ਼ਹਿਰ ਵਿੱਚ ਆਉਣ ਤੋਂ ਨਹੀਂ ਰੋਕ ਰਹੀ। ਮੰਨਿਆ ਜਾ ਰਿਹਾ ਹੈ ਕਿ ਸੈਨਾ ਮੁਖੀ ਦੇ ਭਾਸ਼ਣ ਤੋਂ ਬਾਅਦ ਸੈਨਾ ਅਹੁਦਾ ਸੰਭਾਲ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News