ਕੋਰੋਨਾ ਦੌਰਾਨ ਇਜ਼ਰਾਇਲ ''ਚ ਹੋਏ ਵਿਰੋਧ ਪ੍ਰਦਰਸ਼ਨ ਨੇ ਖਿੱਚਿਆ ਦੁਨੀਆ ਦਾ ਧਿਆਨ
Tuesday, Apr 21, 2020 - 03:41 PM (IST)

ਤੇਲ ਅਵੀਵ- ਇਜ਼ਰਾਇਲ ਵਿਚ ਕੋਰੋਨਾ ਦੇ ਕਹਿਰ ਦੌਰਾਨ ਵੀ ਲੋਕ ਰਾਜਨੀਤਕ ਵਿਰੋਧ ਕਾਰਨ ਸੜਕਾਂ 'ਤੇ ਉੱਤਰੇ, ਹਾਲਾਂਕਿ ਉਨ੍ਹਾਂ ਨੇ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ। ਤੇਲ ਅਵੀਵ ਵਿਚ 10 ਹਜ਼ਾਰ ਲੋਕਾਂ ਦੀ ਭੀੜ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖਿਲਾਫ ਪ੍ਰਦਰਸ਼ਨ ਕੀਤਾ। ਨੇਤਨਯਾਹੂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ ਜਦੋਂ ਕਿ ਲਗਾਤਾਰ ਹੀ ਅਜਿਹੇ ਦੋਸ਼ਾਂ ਤੋਂ ਉਹ ਇਨਕਾਰ ਕਰਦੇ ਆ ਰਹੇ ਹਨ। ਕੋਰੋਨਾ ਵਾਇਰਸ ਕਾਰਨ ਲਾਕਡਾਊਨ ਵਿਚੋਂ ਲੰਘ ਰਹੇ ਇਜ਼ਰਾਇਲ ਵਿਚ ਅਨੋਖੇ ਵਿਰੋਧ ਪ੍ਰਦਰਸ਼ਨ ਨੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਤੇਲ ਅਵੀਵ ਵਿਚ ਰਾਬਿਨ ਸਕੁਆਇਰ 'ਤੇ 10 ਹਜ਼ਾਰ ਲੋਕਾਂ ਨੇ ਸੜਕਾਂ ਉੱਤੇ ਪ੍ਰਦਰਸ਼ਨ ਕੀਤਾ ਪਰ ਲੋਕਾਂ ਨੇ ਮਾਸਕ ਪਹਿਨੇ ਸਨ ਤੇ ਪ੍ਰਦਰਸ਼ਨ ਦੌਰਾਨ ਉਹ 2 ਮੀਟਰ ਦੀ ਦੂਰੀ 'ਤੇ ਖੜ੍ਹੇ ਸਨ। ਜ਼ਿਕਰਯੋਗ ਹੈ ਕਿ ਇਜ਼ਰਾਇਲ ਵਿਚ ਕੋਰੋਨਾ ਕਾਰਨ 1383 ਲੋਕ ਪੀੜਤ ਹਨ ਤੇ 181 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਲਈ ਲੋਕਾਂ ਨੇ ਕਾਫੀ ਧਿਆਨ ਰੱਖਿਆ।
ਪ੍ਰਦਰਸ਼ਨਕਾਰੀਆਂ ਨੇ ਨੇਤਨਯਾਹੂ ਦੇ ਵਿਰੋਧੀ ਉਮੀਦਵਾਰ ਰਹੇ ਬੇਨੀ ਗੈਂਟਜ਼ 'ਤੇ ਗਠਜੋੜ ਵਿਚ ਸ਼ਾਮਲ ਹੋ ਕੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ। ਰੈਲੀ ਨੂੰ ਸੰਬੋਧਤ ਕਰਦੇ ਹੋਏ ਵਿਰੋਧੀ ਦਲਾਂ ਨੇ ਕਿਹਾ ਕਿ ਬਲੂ ਐਂਡ ਵ੍ਹਾਈਟ ਪਾਰਟੀ ਦੇ ਨੇਤਾ ਬੇਨੀ ਗੈਂਟਜ਼ ਸਰਕਾਰ ਵਿਚ ਸ਼ਾਮਲ ਹੋਣ ਲਈ ਨੇਤਨਯਾਹੂ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਸਮਝੌਤਾ ਕਰ ਚੁੱਕੇ ਹਨ। ਅਸਲ ਵਿਚ ਨੇਤਨਯਾਹੂ ਨੇ ਬਲੂ ਐਂਡ ਵ੍ਹਾਈਟ ਪਾਰਟੀ ਦੇ ਨੇਤਾ ਨੂੰ ਸਰਕਾਰ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ, ਜਿਸ ਦੇ ਬਅਦ ਦੋਹਾਂ ਨੇ ਸਮਝੌਤਾ ਕਰ ਲਿਆ। ਇਸ ਤਹਿਤ ਦੋਵਾਂ ਵਿਚਕਾਰ ਪ੍ਰਧਾਨ ਮੰਤਰੀ ਅਹੁਦੇ ਨੂੰ ਲੈ ਕੇ 18-18 ਮਹੀਨੇ ਸਾਂਝਾ ਕਰਨ ਲਈ ਸਹਿਮਤੀ ਬਣੀ। ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦਾ ਪਹਿਲਾ ਕਾਰਜਕਾਲ ਨੇਤਨਯਾਹੂ ਕੋਲ ਰਹੇਗਾ।