ਸਕਾਟਲੈਂਡ ’ਚ ਪ੍ਰਦੂਸ਼ਣ ਕਾਰਨ ਹਜ਼ਾਰਾਂ ਲੋਕਾਂ ਦੀ ਹੁੰਦੀ ਹੈ ਸਮੇਂ ਤੋਂ ਪਹਿਲਾਂ ਮੌਤ
Saturday, Aug 06, 2022 - 03:32 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਲੈਂਡ ’ਚ ਹਰ ਸਾਲ ਹਜ਼ਾਰਾਂ ਲੋਕ ਪ੍ਰਦੂਸ਼ਣ ਕਰਕੇ ਸਮੇਂ ਤੋਂ ਪਹਿਲਾਂ ਹੀ ਆਪਣੀ ਜਾਨ ਗੁਆ ਬੈਠਦੇ ਹਨ। ਇਕ ਰਿਪੋਰਟ ਅਨੁਸਾਰ ਸਕਾਟਲੈਂਡ ’ਚ ਹਰ ਸਾਲ 2500 ਲੋਕ ਹਵਾ ਪ੍ਰਦੂਸ਼ਣ ਦੇ ਨਤੀਜੇ ਵਜੋਂ ਸਮੇਂ ਤੋਂ ਪਹਿਲਾਂ ਮੌਤ ਦੇ ਮੂੰਹ ’ਚ ਚਲੇ ਜਾਂਦੇ ਹਨ, ਜੋ ਬਹੁਤ ਹੀ ਚਿੰਤਾਜਨਕ ਹੈ। ਜਦਕਿ ਵਿਸ਼ਵ ਪੱਧਰ ’ਤੇ ਵਾਤਾਵਰਣ ਕਾਰਨਾਂ ਕਰਕੇ ਹਰ ਸਾਲ 9 ਮਿਲੀਅਨ ਮੌਤਾਂ (ਜਾਂ ਛੇ ਬਾਲਗਾਂ ’ਚੋਂ ਇਕ) ਹੁੰਦੀਆਂ ਹਨ। ਇਸ ਦੇ ਨਾਲ ਹੀ ਕਈ ਹੋਰ ਸਮੱਸਿਆਵਾਂ ਵੀ ਜੁੜੀਆਂ ਹੋਈਆਂ ਹਨ, ਜਿਵੇਂ ਕਿ ਹਥਿਆਰ, ਧੋਖਾਧੜੀ, ਗੁਲਾਮੀ ਅਤੇ ਮਨੁੱਖੀ ਸਮੱਗਲਿੰਗ ਆਦਿ। ਇਸ ਹਫ਼ਤੇ ਇੰਟਰਪੋਲ ਦੀ ਇਕ ਨਵੀਂ ਰਿਪੋਰਟ ’ਚ ਕਿਹਾ ਗਿਆ ਹੈ ਕਿ ਉਸ ਨੇ 27 ਪ੍ਰਦੂਸ਼ਣ ਅਪਰਾਧ ਦੇ ਮਾਮਲਿਆਂ ਦੀ ਜਾਂਚ ਕੀਤੀ ਹੈ ਕਿ ਕਿਵੇਂ ਕਾਰੋਬਾਰੀ ਲੋਕ ਆਪਣੇ ਮੁਨਾਫੇ ਨੂੰ ਵਧਾਉਣ ਲਈ ਵਾਤਾਵਰਣ ਨਾਲ ਖਿਲਵਾੜ ਕਰ ਰਹੇ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੁਝ ਕੇਂਦਰੀ ਮਾਫ਼ੀਆ ਜਾਂ ਗੈਂਗ ਹਨ ਪਰ ਸ਼ੱਕੀ ਵਿਅਕਤੀਆਂ ਦੀ ਵੱਡੀ ਬਹੁਗਿਣਤੀ ਸਨਮਾਨਿਤ ਕਾਰੋਬਾਰੀ ਅਤੇ ਕਾਨੂੰਨੀ ਫਰਮਾਂ ਚਲਾਉਣ ਵਾਲੀਆਂ ਔਰਤਾਂ ਹਨ। ਇਸ ਸੰਬੰਧੀ ਵਾਤਾਵਰਣ ਏਜੰਸੀਆਂ ਅਤੇ ਪੁਲਸ ਵਿਚਾਲੇ ਤਾਲਮੇਲ ਦੀ ਘਾਟ ਹੈ, ਜਦਕਿ ਕੋਈ ਅਸਲ ਵਿਸ਼ੇਸ਼ ਸਿਖਲਾਈ ਨਹੀਂ ਹੈ। ਇੰਟਰਪੋਲ ਨੇ ਕਿਹਾ ਕਿ ਇਕ ਸਮੂਹ ਨੇ ਗੈਰ-ਕਾਨੂੰਨੀ ਤੌਰ ’ਤੇ ਇਸ ਦੇਸ਼ ਤੋਂ ਕੂੜਾ ਬਰਾਮਦ ਕੀਤਾ ਅਤੇ ਇਸ ਨੂੰ ਪੋਲੈਂਡ ’ਚ ਡੰਪ ਕੀਤਾ, ਜਦਕਿ ਉਸੇ ਸਮੇਂ ਇਹ ਦਾਅਵਾ ਕੀਤਾ ਕਿ ਯੂ. ਕੇ. ’ਚ ਇਸ ਦਾ ਜਾਇਜ਼ ਨਿਪਟਾਰਾ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਸੁੱਟੇ ਗਏ ਕੂੜੇ ਦੇ ਨਤੀਜੇ ਵਜੋਂ ਪੋਲੈਂਡ ’ਚ 30-40 ਵਾਰ ਅੱਗਾਂ ਵੀ ਲੱਗੀਆਂ। ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਵੱਧ ਮੁਨਾਫਾ ਜਿਊਣ ਲਈ ਕਮਾਉਣ ਦੀ ਦੌੜ ’ਚ ਹਾਂ ਪਰ ਜਿਸ ਧਰਤੀ ’ਤੇ ਰਹਿ ਕੇ ਜਿਊਣਾ ਹੈ, ਉਸੇ ਨੂੰ ਹੀ ਪਲੀਤ ਕਰ ਰਹੇ ਹਾਂ।